ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉਹ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ‘ਚ ਇੱਥੇ ਪੁਰਾਣੀ ਦਿੱਲੀ ‘ਚ ਇਕ ਮੰਦਰ ‘ਤੇ ਹੋਏ ਹਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਕੋਰਟ ਨੇ ਕਿਹਾ ਕਿ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤੁਰੰਤ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜੱਜ ਡੀ.ਐੱਨ. ਪਟੇਲ ਅਤੇ ਜੱਜ ਸੀ. ਹਰਿਸ਼ੰਕਰ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੇ ਪਟੀਸ਼ਨਕਰਤਾ ਚਾਹੁੰਦੇ ਹਨ ਕਿ 30 ਜੂਨ ਦੀ ਘਟਨਾ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ। ਕੋਰਟ ਨੇ ਕਿਹਾ ਕਿ ਇਸ ਘਟਨਾ ਦੇ ਸੰਬੰਧ ‘ਚ ਤਿੰਨ ਸ਼ਿਕਾਇਤਾਂ ਪਹਿਲਾਂ ਹੀ ਦਰਜ ਹੋ ਚੁਕੀਆਂ ਹਨ ਅਤੇ ਜਾਂਚ ਵੀ ਚੱਲ ਰਹੀ ਹੈ। ਕੋਰਟ ਨੇ ਗ੍ਰਹਿ ਮੰਤਰਾਲੇ ਵਲੋਂ ਪੇਸ਼ ਕੇਂਦਰ ਸਰਕਾਰ ਦੇ ਵਕੀਲ ਅਨਿਲ ਸੋਨੀ ਅਤੇ ਪੁਲਸ ਵਲੋਂ ਪੇਸ਼ ਐਡਵੋਕੇਟ ਅਨੁਪਮ ਸ਼੍ਰੀਵਾਸਤਵ ਦੀਆਂ ਦਲੀਲਾਂ ‘ਤੇ ਗੌਰ ਕੀਤਾ ਕਿ ਘਟਨਾ ‘ਚ ਹਿੱਸਾ ਲੈਣ ਵਾਲੇ ਜਿਹੜੇ ਲੋਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਸ਼੍ਰੀਵਾਸਤਵ ਨੇ ਕੋਰਟ ਨੂੰ ਕਿਹਾ ਕਿ ਘਟਨਾ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੋਂ ਬਾਅਦ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 6 ਨਾਬਾਲਗਾਂ ਨੂੰ ਸੁਧਾਰ ਗ੍ਰਹਿ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਅੱਗੇ ਵਧਣ ‘ਤੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ, ਕਿਉਂਕਿ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਹਾਲੇ ਵੀ ਜਾਰੀ ਹੈ। ਬੈਂਚ ਨੇ ਕਿਹਾ,”ਅਜਿਹਾ ਲੱਗਦਾ ਹੈ ਕਿ ਕੇਂਦਰ, ਦਿੱਲੀ ਸਰਕਾਰ ਅਤੇ ਪੁਲਸ ਘਟਨਾ ਨੂੰ ਲੈ ਕੇ ਗੰਭੀਰ ਹੈ। ਅਪਰਾਧ ਕਾਨੂੰਨ ਲਗਾਇਆ ਜਾ ਰਿਹਾ ਹੈ ਅਤੇ ਇਸ ਲਈ ਸਾਨੂੰ ਵਿਸ਼ੇਸ਼ ਜਾਂਚ ਦਲ ਗਠਿਤ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਇਲਾਕੇ ‘ਚ ਇਕ ਸਕੂਟਰ ਖੜ੍ਹਾ ਕਰਨ ਨੂੰ ਲੈ ਕੇ ਝਗੜੇ ਨੇ ਇਕ ਮੰਦਰ ‘ਚ ਭੰਨ-ਤੋੜ ਤੋਂ ਬਾਅਦ ਫਿਰਕੂ ਰੰਗ ਲੈ ਲਿਆ ਸੀ, ਜਿਸ ਨਾਲ ਖੇਤਰ ‘ਚ ਤਣਾਅ ਪੈਦਾ ਹੋ ਗਿਆ ਸੀ।