ਸ਼੍ਰੀਨਗਰ—ਕਸ਼ਮੀਰ ਘਾਟੀ ‘ਚ ਹਿਜ਼ਬੁੱਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਬੁਰਹਾਨ ਵਾਨੀ ਦੀ ਤੀਜੀ ਬਰਸੀ ਕਾਰਨ ਵੱਖਵਾਦੀਆਂ ਵਲੋਂ ਬੁਲਾਏ ਬੰਦ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਹੁਣ ਤੱਕ 95,923 ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸੋਮਵਾਰ ਨੂੰ ਕੋਈ ਨਵਾਂ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਬਨਿਹਾਲ ਤੋਂ ਬਾਰਾਮੂਲਾ ਤਕ ਟਰੇਨ ਸੇਵਾ ਰੱਦ ਕਰ ਦਿੱਤੀ ਗਈ ਹੈ। ਬਾਲਟਾਲ ਅਤੇ ਪਹਿਲਗਾਮ ਵਿਚ ਪਹਿਲਾਂ ਹੀ ਤੋਂ ਤੀਰਥ ਯਾਤਰੀਆਂ ਨੂੰ ਗੁਫਾ ਵੱਲ ਜਾਣ ਦੀ ਆਗਿਆ ਹੋਵੇਗੀ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਇਹ ਯਾਤਰਾ 15 ਅਗਸਤ ਨੂੰ ਖਤਮ ਹੋਵੇਗੀ। ਤਕਰੀਬਨ 45 ਦਿਨ ਤਕ ਚੱਲਣ ਵਾਲੀ ਇਹ ਯਾਤਰਾ ਸਾਉਣ ਪੁੰਨਿਆ ਵਾਲੇ ਦਿਨ ਖਤਮ ਹੋਵੇਗੀ।
ਇੱਥੇ ਦੱਸ ਦੇਈਏ ਕਿ 8 ਜੁਲਾਈ 2016 ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ‘ਚ ਅੱਤਵਾਦੀ ਬੁਰਹਾਨ ਵਾਨੀ ਮਾਰਿਆ ਗਿਆ ਸੀ। ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ‘ਚ ਥਾਂ-ਥਾਂ ਪੋਸਟਰ ਅਤੇ ਕਰਫਿਊ ਲਾਏ ਗਏ ਸਨ। ਤਕਰੀਬਨ 4 ਮਹੀਨੇ ਸੁਰੱਖਿਆ ਫੋਰਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਵਿਰੋਧ ਪ੍ਰਦਰਸ਼ਨਾਂ ‘ਚ 85 ਲੋਕ ਮਾਰੇ ਗਏ ਅਤੇ 100 ਤੋਂ ਵਧੇਰੇ ਜ਼ਖਮੀ ਹੋਏ ਸਨ। ਅਧਿਕਾਰੀਆਂ ਨੇ ਕਿਹਾ ਕਿ ਵਾਨੀ ਦੀ ਤੀਜੀ ਬਰਸੀ ਕਾਰਨ ਮੋਬਾਇਲ, ਇੰਟਰਨੈੱਟ ਸੇਵਾ ਕਸ਼ਮੀਰ ਦੇ 4 ਜ਼ਿਲਿਆਂ- ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ‘ਚ ਬੰਦ ਕਰ ਦਿੱਤੀ ਗਈ ਹੈ। ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਦਿਨ ਸ਼ਾਂਤੀਪੂਰਨ ਲੰਘੇ ਇਸ ਲਈ ਸਾਵਧਾਨੀ ਦੇ ਤੌਰ ‘ਤੇ ਉੱਚਿਤ ਕਦਮ ਚੁੱਕੇ ਗਏ ਹਨ।