ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਲੋਕ ਸਭਾ ਚੋਣਾਂ ‘ਚ ਚੋਣ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ‘ਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਇਹ ਪਟੀਸ਼ਨ ਕਾਂਗਰਸ ਉਮੀਦਵਾਰ ਰਾਜੇਸ਼ ਲਿਲੋਠੀਆ ਨੇ ਦਾਇਰ ਕੀਤੀ ਹੈ। ਉੱਤਰੀ-ਪੱਛਮੀ ਦਿੱਲੀ ਤੋਂ ਉਹ ਹੰਸ ਰਾਜ ਹੰਸ ਵਿਰੁੱਧ ਚੋਣ ਮੈਦਾਨ ਵਿਚ ਸਨ। ਪਟੀਸ਼ਨ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਹੰਸ ਰਾਜ ਹੰਸ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਵਿਚ ਦਾਇਰ ਹਲਫਨਾਮੇ ‘ਚ ਗਲਤ ਸੂਚਨਾ ਦਿੱਤੀ ਸੀ।
ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਗਾਇਕ ਤੋਂ ਨੇਤਾ ਬਣੇ ਹੰਸ ਨੇ ਆਪਣੀ ਪਤਨੀ ਦੀ ਆਮਦਨ, 2.5 ਕਰੋੜ ਰੁਪਏ ਦੀ ਦੇਣਦਾਰੀ ਅਤੇ ਆਪਣੀ ਸਿੱਖਿਆ ਬਾਰੇ ਗਲਤ ਜਾਣਕਾਰੀ ਦਿੱਤੀ। ਹਾਈ ਕੋਰਟ ਨੇ ਹੁਣ ਇਸ ਸੰਬੰਧ ਵਿਚ ਹੰਸ ਰਾਜ ਹੰਸ ਤੋਂ ਜਵਾਬ ਮੰਗਿਆ ਹੈ। ਜਸਟਿਸ ਜਯੰਤ ਨਾਥ ਨੇ ਚੋਣ ਕਮਿਸ਼ਨ ਨੂੰ ਨਾਮਜ਼ਦਗੀ ਪੱਤਰ ਦਾਇਰ ਕਰਨ ਦੇ ਸਮੇਂ ਭਾਜਪਾ ਨੇਤਾ ਵਲੋਂ ਦਾਇਰ ਕੀਤੇ ਗਏ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਨੂੰ ਕਿਹਾ। ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 18 ਸਤੰਬਰ ਤੈਅ ਕੀਤੀ ਹੈ। ਇੱਥੇ ਦੱਸ ਦੇਈਏ ਕਿ ਹੰਸ ਰਾਜ ਹੰਸ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਲੋਕ ਸਭਾ ਪੁੱਜੇ ਹਨ।