ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦੀਆਂ ਖ਼ਬਰਾਂ ਦੇ ਵਿਚਾਲੇ ਹੁਣ ਉਨ੍ਹਾਂ ਦੇ ਬਾਰੇ ‘ਚ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਧੋਨੀ ਛੇਤੀ ਹੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਿਆਸਤ ਦੀ ਪਿੱਚ ‘ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਬੀ.ਜੇ.ਪੀ. ਨੇਤਾ ਸੰਜੇ ਪਾਸਵਾਨ ਨੇ ਦਾਅਵਾ ਕੀਤਾ ਹੈ ਕਿ ਧੋਨੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਬੀ.ਜੇ.ਪੀ. ਦੀ ਮੈਂਬਰਸ਼ਿਪ ਲੈਣਗੇ।
ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ, ”ਮੈਂ ਲਗਾਤਾਰ ਧੋਨੀ ਦੇ ਸੰਪਰਕ ‘ਚ ਹਾਂ। ਉਮੀਦ ਹੈ ਕਿ ਛੇਤੀ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ। ਉਨ੍ਹਾਂ ਕ੍ਰਿਕਟ ਦੇ ਜ਼ਰੀਏ ਦੇਸ਼ ਦੀ ਬਹੁਤ ਸੇਵਾ ਕਰ ਲਈ ਹੈ ਅਤੇ ਅਜਿਹੇ ‘ਚ ਉਨ੍ਹਾਂ ਨੂੰ ਸੰਨਿਆਸ ਲੈ ਕੇ ਸਿਆਸਤ ‘ਚ ਪ੍ਰਵੇਸ਼ ਕਰ ਲੈਣਾ ਚਾਹੀਦਾ ਹੈ।” ਉਨ੍ਹਾਂ ਅੱਗੇ ਕਿਹਾ, ”ਧੋਨੀ ਤੋਂ ਇਲਾਵਾ ਪਾਰਟੀ ‘ਚ ਫਿਲਮ, ਸਿੱਖਿਆ ਅਤੇ ਸਾਹਿਤ ਜਗਤ ਦੀਆਂ ਸ਼ਖਸੀਅਤਾਂ ਵੀ ਸ਼ਾਮਲ ਹੋਣ ਇਸ ‘ਤੇ ਵੀ ਸਾਡਾ ਫੋਕਸ ਹੈ। ਅਜਿਹੇ ਲੋਕ ਜੋ ਸਮਾਜ ਲਈ ਰੋਲ ਮਾਡਲ ਹਨ ਉਨ੍ਹਾਂ ‘ਤੇ ਵੀ ਸਾਡੀ ਨਜ਼ਰ ਹੈ। ਜ਼ਿਕਰਯੋਗ ਹੈ ਕਿ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਧੋਨੀ ਨਾਲ ਸੰਪਰਕ ਫਾਰ ਸਮਰਥਨ ਮੁਹਿੰਮ ਦੇ ਤਹਿਤ ਮੁਲਾਕਾਤ ਕੀਤੀ ਸੀ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ। ਧੋਨੀ ਦੇ ਸਾਹਮਣੇ ਸਰਕਾਰ ਦੀਆਂ ਪੰਜ ਸਾਲਾਂ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ ਸਨ।