ਮੋਗਾ : ਮੋਗਾ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ‘ਚ ਵਧ ਰਹੇ ਬਿਜਲੀ ਦੇ ਰੇਟਾਂ ਨੂੰ ਲੈ ਕੇ ਧਰਨਾ ਦਿੱਤੇ ਜਾ ਰਹੇ ਧਰਨੇ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਮੋਗਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਚੀਮਾ ਨੇ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ‘ਚ ਉਸ ਸਮੇਂ ਵੀ ਬਿਜਲੀ ਦੀਆਂ ਕੀਮਤਾਂ ਵੱਧ ਸਨ ਤੇ ਉਸ ਸਮੇਂ ਵੀ ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਸੱਤਾ ‘ਚ ਹੁੰਦੇ ਹਨ ਉਸ ਸਮੇਂ ਉਹ ਸਾਰੇ ਪੰਜਾਬ ਦੇ ਮੁੱਦੇ ਭੁੱਲ ਜਾਂਦੇ ਹਨ ਤੇ ਜਦੋਂ ਸੱਤਾ ‘ਚੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਮੁੱਦੇ ਯਾਦ ਆ ਜਾਂਦੇ ਹਨ। ਇਸੇ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਇਸ ਲਈ ਬਾਦਲ ਨੂੰ ਧਰਨੇ ਦੇਣ ਦੀ ਲੋੜ ਨਹੀਂ ਕਿਉਂਕਿ ਸੈਂਟਰ ‘ਚ ਉਨ੍ਹਾਂ ਦੀ ਸਰਕਾਰ ਹੈ ਤੇ ਉਨ੍ਹਾਂ ਨੂੰ ਸਿੱਧੇ ਮੋਦੀ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਡਰਾਮੇਬਾਜ਼ੀ ਕਰ ਰਹੇ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ‘ਚ ਵਧ ਰਹੇ ਬਿਜਲੀ ਦੇ ਰੇਟ, ਨਸ਼ੇ ਤੇ ਸੂਬੇ ‘ਚ ਵਿਗੜ ਰਹੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਮੋਗਾ ‘ਚ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ।