ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਸਵੇਰੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲੈਣ ਅਤੇ ਆਪਣੇ ਖੇਤਰ ‘ਚ ਕੁਪੋਸ਼ਣ ਦੀ ਸਮੱਸਿਆ ਸਮੇਤ ਨਵੇਂ ਖੇਤਰਾਂ ‘ਚ ਕੰਮ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਆਪਣੇ ਬਾਰੇ ਦੱਸਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਕ-ਦੂਜੇ ਬਾਰੇ ਪਤਾ ਹੋਣਾ ਚਾਹੀਦਾ। ਬੈਠਕ ‘ਚ ਸ਼ਾਮਲ ਇਕ ਸੰਸਦ ਮੈਂਬਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਸਿਆਸਤ ਸਿਰਫ਼ ਆਪਣੇ ਬਾਰੇ ਨਹੀਂ ਸਗੋਂ ਦੂਜਿਆਂ ਲਈ ਹੁੰਦੀ ਹੈ। ਮੋਦੀ ਨੇ ਕਿਹਾ ਕਿ ਮਹਿਲਾ ਸੰਸਦ ਮੈਂਬਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲੈਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਨਵੇਂ ਖੇਤਰ ‘ਚ ਕੰਮ ਕਰਨਾ ਚਾਹੀਦਾ। ਬੱਚਿਆਂ ਦੇ ਕੁਪੋਸ਼ਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹਿਲਾ ਸੰਸਦ ਮੈਂਬਰ ਅਜਿਹੇ ਖੇਤਰਾਂ ‘ਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣ ਦੀ ਦਿਸ਼ਾ ‘ਚ ਕੰਮ ਕਰ ਸਕਦੀਆਂ ਹਨ, ਜਿੱਥੇ ਕੁਪੋਸ਼ਣ ਦੀ ਸਮੱਸਿਆ ਹੈ। ਉਨ੍ਹਾਂ ਨੇ ਗੁਜਰਾਤ ‘ਚ ਹੋਏ ਇਕ ਪ੍ਰਯੋਗ ਦਾ ਜ਼ਿਕਰ ਕੀਤਾ, ਜਦੋਂ ਇਕ ਸਿਹਤਮੰਦ ਬੱਚਿਆਂ ਦੀਆਂ ਤਸਵੀਰਾਂ ਮਾਂਵਾਂ ਨੂੰ ਆਪਣੇ ਮੋਬਾਇਲ ‘ਤੇ ਪਾਉਣ ਲਈ ਕਿਹਾ ਜਾਂਦਾ ਸੀ, ਜਿਸ ਨੂੰ ਦੇਖ ਕੇ ਹੋਰ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਵੀ ਤੰਦਰੁਸਤ ਰੱਖਣ ਦੀ ਪ੍ਰੇਰਨਾ ਮਿਲਦੀ ਹੋਵੇ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਪ੍ਰੋਗਰਾਮ ‘ਚ ਪਾਰਟੀ ਦੇ ਸੰਸਦ ਮੈਂਬਰਾਂ ਨੂੰ 7 ਸਮੂਹਾਂ ‘ਚ ਵੰਡਿਆ ਗਿਆ ਹੈ ਅਤੇ ਇਹ 5ਵੇਂ ਸਮੂਹ ਨਾਲ ਉਨ੍ਹਾਂ ਦੀ ਬੈਠਕ ਸੀ। 17 ਲੋਕ ਸਭਾ ‘ਚ ਕੁੱਲ 78 ਮਹਿਲਾ ਸੰਸਦ ਮੈਂਬਰ ਹਨ। ਆਜ਼ਾਦੀ ਤੋਂ ਬਾਅਦ ਲੋਕ ਸਭਾ ‘ਚ ਮਹਿਲਾ ਸੰਸਦ ਮੈਂਬਰਾਂ ਦੀ ਇਹ ਵਧ ਗਿਣਤੀ ਹੈ। ਇਨ੍ਹਾਂ ‘ਚੋਂ 41 ਮਹਿਲਾ ਸੰਸਦ ਮੈਂਬਰ ਭਾਜਪਾ ਤੋਂ ਹਨ। ਭਾਜਪਾ ਦੇ ਇਕ ਨੇਤਾ ਨੇ ਦੱਸਿਆ ਕਿ ਮੋਦੀ ਨਾਲ ਸੰਸਦ ਦੇ ਦੋਹਾਂ ਸਦਨਾਂ ਦੇ ਭਾਜਪਾ ਸੰਸਦ ਮੈਂਬਰਾਂ ਦੀ ਮੁਲਾਕਾਤ ਦਾ ਪ੍ਰੋਗਰਾਮ ਇਸ ਮਕਸਦ ਨਾਲ ਬਣਾਇਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਸਿੱਧੇ ਗੱਲਬਾਤ ਦਾ ਮੌਕਾ ਮਿਲ ਸਕੇ। ਇਸ ਤਰ੍ਹਾਂ ਦੀ ਮੁਲਾਕਾਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਤਾਂ ਕਿ ਉਨ੍ਹਾਂ ਦਾ ਵੱਖ-ਵੱਖ ਵਿਸ਼ਿਆਂ ‘ਤੇ ਮਾਰਗਦਰਸ਼ਨ ਹੋ ਸਕੇ, ਖਾਸ ਤੌਰ ‘ਤੇ ਸੰਸਦ ਨਾਲ ਜੁੜੇ ਵਿਸ਼ਿਆਂ ਬਾਰੇ। ਇਕ ਮਹਿਲਾ ਸੰਸਦ ਮੈਂਬਰ ਨੇ ਦੱਸਿਆ ਕਿ ਇਹ ਰਸਮੀ ਮੁਲਾਕਾਤ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਅਸੀਂ ਗੱਲ ਕੀਤੀ। ਇਸ ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16ਵੀਂ ਲੋਕ ਸਭਾ ਦੌਰਾਨ ਵੀ ਵੱਖ-ਵੱਖ ਰਾਜਾਂ ਦੇ ਪਾਰਟੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਸਰਕਾਰ ਦੇ ਏਜੰਡੇ ਬਾਰੇ ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਨੌਜਵਾਨ ਸੰਸਦ ਮੈਂਬਰਾਂ ਨਾਲ ਆਪਣੇ ਘਰ ਨਾਸ਼ਤੇ ‘ਤੇ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਨੌਜਵਾਨ ਸੰਸਦ ਮੈਂਬਰਾਂ ਤੋਂ ਪੁੱਛਿਆ ਸੀ ਕਿ ਰਾਜਨੀਤੀ ਤੋਂ ਇਲਾਵਾ ਕੀ-ਕੀ ਕੰਮ ਕਰਦੇ ਹਨ? ਇਸ ਤੋਂ ਇਲਾਵਾ ਬਾਕੀ ਕੰਮਾਂ ‘ਚ ਕੀ ਰੁਚੀ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਰਾਜਨੀਤੀ ਤੋਂ ਇਲਾਵਾ ਜੋ ਕੰਮ ਤੁਸੀਂ ਕਰਦੇ ਹੋ, ਸਮਾਜ ‘ਚ ਉਹ ਉੱਭਰ ਕੇ ਸਾਹਮਣੇ ਆਉਣੇ ਚਾਹੀਦੇ ਹਨ। ਲੋਕਾਂ ਨੂੰ ਉਨ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪਿਛਲੇ ਦਿਨੀਂ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਮੋਦੀ ਨੇ 2 ਅਕਤੂਬਰ (ਗਾਂਧੀ ਜਯੰਤੀ) ਤੋਂ ਲੈ ਕੇ 31 ਅਕਤੂਬਰ ਸਰਦਾਰ ਪਟੇਲ ਜਯੰਤੀ) ਤੱਕ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ-ਆਪਣੇ ਖੇਤਰ ‘ਚ 150 ਕਿਲੋਮੀਟਰ ਪੈਦਲ ਯਾਤਰਾ ਕੱਢਣ ਦਾ ਨਿਰਦੇਸ਼ ਦਿੱਤਾ ਸੀ।