ਨਵੀਂ ਦਿੱਲੀ—ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਚੀਨ ਵੱਲੋਂ ਘੁਸਪੈਠ ਕਰਨ ‘ਤੇ ਕਿਹਾ ਹੈ ਕਿ ਕੋਈ ਘੁਸਪੈਠ ਨਹੀ ਹੋਈ ਹੈ ਅਤੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਚੀਨ ਨਾਲ ਫਲੈਗ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ।
ਦੱਸ ਦੇਈਏ ਕਿ ਚੀਨ ਦੀ ਫੌਜ ਨੇ ਇੱਕ ਵਾਰ ਫਿਰ ਤੋਂ ਭਾਰਤੀ ਖੇਤਰ ‘ਚ ਘੁਸਪੈਠ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲੱਦਾਖ ‘ਚ ਪੂਰਬੀ ਡੇਮਚੋਕ ਇਲਾਕੇ ‘ਚ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕੀਤੀ ਹੈ ਅਤੇ ਆਪਣਾ ਝੰਡਾ ਲਹਿਰਾਇਆ ਹੈ। ਚੀਨ ਦੀ ਫੌਜ ਨੇ ਅਜਿਹੇ ਸਮੇਂ ‘ਤੇ ਘੁਸਪੈਠ ਕੀਤੀ ਹੈ ਜਦੋਂ ਸਥਾਨਿਕ ਲੋਕ ਤਿੱਬਤੀ ਧਰਮਗੁਰੂ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਸੀ। ਇਸ ਤੋਂ ਇਲਾਵਾ ਡੇਮਚੋਕ ਦੇ ਸਰਪੰਚ ਨੇ ਚੀਨ ਦੀ ਫੌਜ ਵਲੋਂ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਇਹ ਫੌਜੀ ਵਾਹਨਾਂ ‘ਚ ਸਵਾਰ ਹੋ ਕੇ ਭਾਰਤੀ ਇਲਾਕੇ ’ਚ ਆਏ ਅਤੇ ਚੀਨ ਦਾ ਝੰਡਾ ਲਹਿਰਾਇਆ। ਡੇਮਚੋਕ ਦੇ ਸਰਪੰਚ ਉਰਗੇਨ ਚੋਦੋਨ ਨੇ ਦੱਸਿਆ ਕਿ ਚੀਨ ਦੇ ਫੌਜੀ ਦਾ ਭਾਰਤੀ ਹੱਦ ’ਚ ਆਉਣ ਦਾ ਮਕਸਦ ਕੁਝ ਹੋਰ ਨਜ਼ਰ ਆ ਰਿਹਾ ਹੈ।