ਚੰਡੀਗੜ੍ਹ : ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਨਵਜੋਤ ਸਿੱਧੂ ਵਲੋਂ ਭਾਵੇਂ ਅਜੇ ਤਕ ਨਵਾਂ ਮਹਿਕਮਾ (ਬਿਜਲੀ ਵਿਭਾਗ) ਨਹੀਂ ਸੰਭਾਲਿਆ ਗਿਆ ਹੈ ਪਰ ਸਿੱਧੂ ਦੇ ਇਸ ਮਹਿਕਮੇ ‘ਤੇ ਕਈ ਲੀਡਰਾਂ ਦੀਆਂ ਅੱਖਾਂ ਜ਼ਰੂਰ ਟਿੱਕ ਗਈਆਂ ਹਨ। ਹਾਲਾਂਕਿ ਹਾਈ ਕਮਾਂਡ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਇਕ ਸੀਨੀਅਰ ਕਾਂਗਰਸੀ ਲੀਡਰ ਤੇ ਵਿਧਾਇਕ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਕਰੀਬੀਆਂ ਨੂੰ ਫੋਨ ‘ਤੇ ਇਹ ਦੱਸਦੇ ਹੋਏ ਵਧਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਕਿ ਉਹ ਜਲਦੀ ਹੀ ਬਿਜਲੀ ਮੰਤਰੀ ਬਣਨ ਵਾਲੇ ਹਨ। ਸੂਤਰਾਂ ਮੁਤਾਬਕ ਇਹ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ‘ਚੋਂ ਇਕ ਹੈ ਅਤੇ ਇਸ ਵਿਧਾਇਕ ਨੇ ਹੁਣ ਬਿਜਲੀ ਮੰਤਰੀ ਦੇ ਅਹੁਦੇ ਤੇ ਅੱਖ ਰੱਖ ਲਈ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਅਜੇ ਤੱਕ ਇਸ ਮਾਮਲੇ ‘ਚ ਕਿਸੇ ਵੀ ਫ਼ੈਸਲੇ ‘ਤੇ ਨਹੀਂ ਪੁੱਜੇ ਹਨ ਤੇ ਉਹ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਖੁਦ ਹੀ ਮੀਟਿੰਗਾਂ ਕਰ ਰਹੇ ਹਨ ਜਦਕਿ ਸਿੱਧੂ ਵਲੋਂ ਨਾ ਤਾਂ ਅਜੇ ਤਕ ਨਵਾਂ ਮਹਿਕਮਾ ਸੰਭਾਲਿਆ ਗਿਆ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਸਪੱਸ਼ਟੀਕਰਨ ਦਿੱਤਾ ਗਿਆ ਹੈ। ਹਾਲਾਂਕਿ ਮਹਿਕਮਾ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦਿੱਲੀ ਦਰਬਾਰ ਵਿਚ ਆਪਣੇ ਪੁਰਾਣੇ ਵਿਭਾਗ ਦੀ ਕਾਰਗੁਜ਼ਾਰੀ ਅਤੇ ਕੈਪਟਨ ਦੀ ਸ਼ਿਕਾਇਤ ਲੈ ਕੇ ਜ਼ਰੂਰ ਗਏ ਸਨ ਪਰ ਸੁਣਵਾਈ ਨਾ ਹੋਣ ਕਾਰਨ ਸਿੱਧੂ ਪੂਰੀ ਤਰ੍ਹਾਂ ਚੁੱਪ ਹੋ ਗਏ।