ਬਿਜ਼ਨੈੱਸ ਡੈਸਕ — ਬ੍ਰਿਟੇਨ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਭਗੌੜੇ ਭਾਰਤੀ ਉਦਯੋਗਪਤੀ ਵਿਜੇ ਮਾਲਿਆ ਦੀ ਹਵਾਲਗੀ ਲਈ ਸੁਣਵਾਈ ਅਗਲੇ ਸਾਲ 11 ਫਰਵਰੀ 2020 ਨੂੰ ਸ਼ੁਰੂ ਹੋ ਕੇ ਕਰੀਬ ਤਿੰਨ ਦਿਨ ਤੱਕ ਚੱਲੇਗੀ।
ਇਸ ਤੋਂ ਪਹਿਲਾਂ ਜੁਲਾਈ ਵਿਚ ਲੰਡਨ ਹਾਈ ਕੋਰਟ ਨੇ ਮਾਲਿਆ ਨੂੰ ਸੁਪਰਦਗੀ ਖਿਲਾਫ ਅਪੀਲ ਕਰਨ ਦੀ ਆਗਿਆ ਦਿੱਤੀ ਸੀ। ਦੋ ਜੁਲਾਈ ਨੂੰ ਬ੍ਰਿਟੇਨ ਦੀ ਹਾਈ ਕੋਰਟ ਨੇ ਮਾਲਿਆ ਨੂੰ ਵੱਡੀ ਰਾਹਤ ਦਿੰਦੇ ਹੋਏ ਹਵਾਲਗੀ ਖਿਲਾਫ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਜੇਕਰ ਲੰਡਨ ਹਾਈ ਕੋਰਟ ਵਲੋਂ ਮਾਲਿਆ ਨੂੰ ਅਪੀਲ ਕਰਨ ਦੀ ਮਨਜ਼ੂਰੀ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਸੀ ਮਾਲਿਆ ਮੌਜੂਦਾ ਸਮੇਂ ‘ਚ ਭਾਰਤ ਹੁੰਦਾ।
ਜ਼ਿਕਰਯੋਗ ਹੈ ਕਿ ਮਾਲਿਆ ਨੂੰ ਭਾਰਤ ਵਿਚ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ ਅਤੇ ਭਾਰਤੀ ਜਾਂਚ ਏਜੰਸੀਆਂ ਦੀ ਅਰਜ਼ੀ ‘ਤੇ ਇਥੋਂ ਦੀ ਹੇਠਲੀ ਅਦਾਲਤ ਨੇ ਉਸਦੀ ਹਵਾਲਗੀ ਦਾ ਆਦੇਸ਼ ਦਿੱਤਾ ਹੈ।
ਮਾਲਿਆ ਭਾਰਤੀ ਬੈਂਕਾਂ ਦੇ ਨਾਲ 9,000 ਕਰੋੜ ਰੁਪਏ ਦੇ ਬਕਾਏ ‘ਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤੇ ਜਾਣ ਦੇ ਆਦੇਸ਼ ‘ਤੇ ਦਸਤਖਤ ਕੀਤੇ ਸਨ।
ਦੂਜੇ ਪਾਸੇ ਮਾਲਿਆ ਨੇ ਸੋਸ਼ਲ ਮੀਡੀਆ ‘ਤੇ ਬੰਦ ਪਈ ਕਿੰਗਫਿਸ਼ਰ ਏਅਰਲਾਈਨ ਦੇ ਕਰਜ਼ੇ ਨੂੰ ਲੈ ਕੇ ਜਨਤਕ ਖੇਤਰ ਦੇ ਭਾਰਤੀ ਬੈਂਕਾਂ ਦਾ 100 ਫੀਸਦੀ ਪੈਸਾ ਵਾਪਸ ਕਰਨ ਦੀ ਗੱਲ ਕਹੀ ਸੀ। ਫਿਲਹਾਲ ਮਾਲਿਆ ਜ਼ਮਾਨਤ ‘ਤੇ ਹੈ। ਮਾਲਿਆ ਨੇ ਕਿਹਾ ਸੀ ਕਿ ‘ਇਹ ਦੋਸ਼ ਝੂਠੇ ਹਨ ਅਤੇ ਇਨ੍ਹਾਂ ਦਾ ਕੋਈ ਆਧਆਰ ਨਹੀਂ ਹੈ। ਹੁਣ ਮੈਂ ਵੀ ਚਾਹੁੰਦਾ ਹਾਂ ਕਿ ਬੈਂਕ ਆਪਣਾ ਪੂਰਾ ਪੈਸਾ ਲੈ ਲੈਣ, ਉਨ੍ਹਾਂ ਨੇ ਜੋ ਕਰਨਾ ਹੈ ਉਹ ਕਰਨ, ਮੈਨੂੰ ਸ਼ਾਂਤੀ ਨਾਲ ਰਹਿਣ ਦਿਓ।