ਪਠਾਨਕੋਟ : ਕਠੂਆ ਗੈਂਗਰੇਪ ਮਾਮਲੇ ‘ਚ ਹਾਈਕੋਰਟ ਵਲੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, ਬੱਚੀ ਦੇ ਪਿਤਾ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਗੌਰ ਕਰਦਿਆਂ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਬੱਚੀ ਦੇ ਪਿਤਾ ਨੇ ਆਪਣੀ ਪਟੀਸ਼ਨ ‘ਚ ਸਜ਼ਾ ‘ਚ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਹੈ। ਕੋਰਟ ਨੇ ਉਸ ਦੋਸ਼ੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਜਿਸ ਨੂੰ ਹੇਠਲੀ ਅਦਾਲਤ ਨੇ ਮਾਮਲੇ ‘ਚ ਬਰੀ ਕਰ ਦਿੱਤਾ ਸੀ। ਬੱਚੀ ਦੇ ਪਿਤਾ ਵਲੋਂ 10 ਜੁਲਾਈ 2019 ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਚ ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਨੂੰ ਵਧਾ ਕੇ ਮੌਤ ਦੀ ਸਜ਼ਾ ਅਤੇ ਉਮਰ ਕੈਦ ਕਰਨ ਦੀ ਮੰਗ ਦੇ ਨਾਲ ਹੀ ਇਕ ਦੋਸ਼ੀ ਨੂੰ ਬਰੀ ਕੀਤੇ ਜਾਣ ਨੂੰ ਵੀ ਚੁਣੌਤੀ ਦਿੱਤੀ ਹੈ।
ਪਟੀਸ਼ਨਕਰਤਾ ਦੇ ਵਕੀਲ ਉਤਸਵ ਬੈਂਸ ਨੇ ਕਿਹਾ, ”ਕੋਰਟ ਨੇ ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਸਰਕਾਰ ਅਤੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ।” ਵਕੀਲ ਨੇ ਕਿਹਾ ਕਿ ਜਸਟਿਸ ਰਾਜੀਵ ਸ਼ਰਮਾ ਅਤੇ ਹਰਿੰਦਰ ਸਿੰਘ ਸਿੱਧੂ ਦੀ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਤੈਅ ਕੀਤੀ ਹੈ।
ਦੱਸ ਦੇਈਏ ਕਿ ਕਠੂਆ ਗੈਂਗਰੇਪ ਤੇ ਕਤਲ ਮਾਮਲੇ ਵਿਚ ਅਦਾਲਤ ਨੇ 6 ਦੋਸ਼ੀਆਂ ਨੂੰ ਸਜ਼ਾ ਸੁਣਾ ਸੀ। ਪਠਾਨਕੋਟ ਅਦਾਲਤ ਨੇ 3 ਦੋਸ਼ੀਆਂ ਨੂੰ ਉਮਰਕੈਦ ਤੇ ਤਿੰਨ ਦੋਸ਼ੀਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਜਿਨ੍ਹਾਂ ‘ਚ ਸਾਂਝੀ ਰਾਮ, ਦੀਪਕ ਖਜ਼ੂਰੀਆ ਤੇ ਪ੍ਰਵੇਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਪੁਲਸ ਵਾਲਿਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਂਝੀ ਰਾਮ,ਦੀਪਕ ਖਜੂਰੀਆ,ਵਿਸ਼ਾਲ, ਤਿਲਕ ਰਾਜ, ਆਨੰਦ ਦੱਤਾ ਨੂੰ ਦੋਸ਼ੀ ਕਰਾਰ ਦਿੱਤਾ ਸੀ।