ਨਿਤਯੇਂਦਰ ਦਿਵੇਦੀ
ਮਾਇਆਨਗਰੀ ਦੇ ਸਿਤਾਰਿਆਂ ਦਾ ਕੰਮ ਸਿਰਫ਼ ਸਾਡਾ ਮਨੋਰਜੰਨ ਕਰਨਾ ਹੀ ਨਹੀਂ ਹੁੰਦਾ ਬਲਕਿ ਸੁਨਹਿਰੀ ਪਰਦੇ ਦੀ ਤਰ੍ਹਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਕਾਫ਼ੀ ਰੰਗੀਨ ਹੁੰਦੀਆਂ ਹਨ। ਇਸ ਵਿੱਚ ਸੱਟੇਬਾਜ਼ੀ, ਮਾਰਕੁੱਟ, ਇੱਕ ਦੂਜੇ ਨੂੰ ਛੋਟਾ ਸਾਬਿਤ ਕਰਨ ਲਈ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਬਿਆਨਬਾਜ਼ੀ, ਕਾਸਟਿੰਗ ਕਾਊਚ ਅਤੇ ਯੌਨ ਸ਼ੋਸ਼ਣ ਵਰਗੇ ਮੁੱਦੇ ਸ਼ਾਮਿਲ ਹਨ। ਆਏ ਦਿਨ ਕੋਈ ਨਾ ਕੋਈ ਸਿਤਾਰਾ ਕਿਸੇ ਨਾ ਕਿਸੇ ਵਜ੍ਹਾ ਨਾਲ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਰਹਿੰਦਾ ਹੈ। ਅਰਬਾਜ਼ ਖ਼ਾਨ ਦਾ ਨਾਮ IPLL ਦੀ ਸੱਟੇਬਾਜ਼ੀ ਵਿੱਚ ਆਉਣ ਦਾ ਤਾਜ਼ਾ ਮਾਮਲਾ ਸਾਡੇ ਸਾਹਮਣੇ ਹੈ। ਵਿਵਾਦਾਂ ਅਤੇ ਬੌਲੀਵੁੱਡ ਦਾ ਸੱਗੀ ਅਤੇ ਪਰਾਂਦੇ ਵਾਲਾ ਸਾਥ ਬਣ ਚੁੱਕਿਆ ਹੈ। ਇਸ ਦੀ ਇੱਕ ਲੰਬੀ ਸੂਚੀ ਹੈ ਜਿਨ੍ਹਾਂ ‘ਤੇ ਇੱਥੇ ਚਰਚਾ ਕਰਾਂਗੇ।
ਸੱਟੇਬਾਜ਼ੀ ਅਤੇ ਅਰਬਾਜ਼ ਖ਼ਾਨ: ਪਰਦੇ ‘ਤੇ ਪੁਲੀਸ ਅਤੇ ਖ਼ੁਫ਼ੀਆਂ ਏਜੰਸੀਆਂ ਦੇ ਅਧਿਕਾਰੀਆਂ ਦੀਆਂ ਕਈ ਭੂਮਿਕਾਵਾਂ ਨਿਭਾ ਚੁੱਕਿਆ ਫ਼ਿਲਮ ਅਭਿਨੇਤਾ ਅਰਬਾਜ਼ ਖ਼ਾਨ ਅਸਲ ਜ਼ਿੰਦਗੀ ਵਿੱਚ IPLL ਸੱਟੇਬਾਜ਼ ਨਿਕਲਿਆ। ਉਹ IPLL ਸੱਟੇਬਾਜ਼ੀ ਵਿੱਚ ਸਰਕਾਰੀ ਗਵਾਹ ਬਣਨ ਲਈ ਤਿਆਰ ਹੋ ਗਿਆ ਹੈ। ਅਰਬਾਜ਼ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਸ ਨੇ ਨਾ ਸਿਰਫ਼ ਸੱਟੇਬਾਜ਼ੀ ਕੀਤੀ ਬਲਕਿ ਹਾਲ ਹੀ ਵਿੱਚ ਖ਼ਤਮ ਹੋਈ 11ਵੀਂ ਸੀਰੀਜ਼ ਵਿੱਚ ਵੱਡੀ ਰਾਸ਼ੀ ਵੀ ਗੁਆਈ। ਉਸ ਨੇ ਇਹ ਵੀ ਮੰਨਿਆ ਕਿ ਸੱਟੇਬਾਜ਼ੀ ਦੀ ਲਤ ਕਾਰਨ ਹੀ ਉਸ ਦਾ ਆਪਣੀ ਪਤਨੀ ਮਲਾਇਕਾ ਅਰੋੜਾ ਨਾਲ ਰਿਸ਼ਤਾ ਖ਼ਰਾਬ ਹੋਇਆ ਜੋ ਤਲਾਕ ਦਾ ਕਾਰਨ ਬਣਿਆ।
ਵਿਵਾਦਾਂ ਦਾ ਦੂਜਾ ਨਾਂ ਸਲਮਾਨ: ਸਾਲ 1998 ਵਿੱਚ ਸਲਮਾਨ ਖ਼ਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਓਦੋਂ ਤੋਂ ਹੁਣ ਤਕ ਹਿਰਨ ਮਾਮਲਾ ਉਸ ਦਾ ਪਿੱਛਾ ਨਹੀਂ ਛੱਡ ਰਿਹਾ। ਇਸ ਮਾਮਲੇ ਵਿੱਚ ਇਸ ਸਾਲ ਹੀ ਅਪ੍ਰੈਲ ਵਿੱਚ ਜੋਧਪੁਰ ਦੀ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਦੇਖਿਆ ਜਾਵੇ ਤਾਂ ਸਲਮਾਨ ਦਾ ਪੂਰਾ ਕਰੀਅਰ ਹੀ ਵਿਵਾਦਾਂ ਨਾਲ ਭਰਿਆ ਹੋਇਆ ਹੈ। ਫ਼ੁਟਪਾਥ ‘ਤੇ ਸੌਂ ਰਹੇ ਲੋਕਾਂ ‘ਤੇ ਕਾਰ ਚੜ੍ਹਾਉਣ ਦਾ ਦੋਸ਼, ਆਪਣੀ ਸਾਬਕਾ ਪ੍ਰੇਮਿਕਾ ਐਸ਼ਵਰਿਆ ਨਾਲ ਕੁੱਟਮਾਰ, ਸ਼ਾਹਰੁਖ਼ ਖ਼ਾਨ ਨਾਲ ਸ਼ੀਤ ਯੁੱਧ ਅਤੇ ਹੋਰ ਫ਼ਿਲਮੀ ਹਸਤੀਆਂ ਨਾਲ ਸਲਮਾਨ ਦੇ ਵਿਵਾਦ ਹਮੇਸ਼ਾਂ ਸੁਰਖ਼ੀਆਂ ਬਣਦੇ ਹਨ। ਸ਼ਰਾਬ ਪੀ ਕੇ ਲੋਕਾਂ ‘ਤੇ ਗੱਡੀ ਚੜ੍ਹਾਉਣ ਕਾਰਨ ਉਸ ‘ਤੇ ਵਿਗੜੈਲ ਦਾ ਠੱਪਾ ਵੀ ਲੱਗ ਗਿਆ। ਅਭਿਨੇਤਰੀ ਐਸ਼ਵਰਿਆ ਰਾਏ ਦੇ ਫ਼ਿਲਮੀ ਸੈੱਟ ਅਤੇ ਘਰ ਪਹੁੰਚ ਕੇ ਕੁੱਟਮਾਰ ਕਰਨ ਦੀਆਂ ਖ਼ਬਰਾਂ ਆਈਆਂ। ਇਸ ਮਾਮਲੇ ਵਿੱਚ ਉਸ ਦੇ ਪਿਤਾ ਨੂੰ ਮੀਡੀਆ ਅੱਗੇ ਆ ਕੇ ਸਫ਼ਾਈ ਪੇਸ਼ ਕਰਨੀ ਪਈ। ਇਸ ਤੋਂ ਇਲਾਵਾ, ਸਾਲ 2003 ਵਿੱਚ ਵਿਵੇਕ ਓਬਰਾਏ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਸਲਮਾਨ ਖ਼ਾਨ ‘ਤੇ ਧਮਕੀ ਦੇਣ ਵਰਗੇ ਗੰਭੀਰ ਦੋਸ਼ ਲਗਾਏ। 2008 ਵਿੱਚ ਕੈਟਰੀਨਾ ਕੈਫ਼ ਦੇ ਜਨਮ ਦਿਨ ਦੀ ਪਾਰਟੀ ਵਿੱਚ ਵਿਵਾਦ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ। ਇਹ ਉਹੀ ਪਾਰਟੀ ਸੀ ਜਿਸ ਵਿੱਚ ਸਲਮਾਨ ਦੀ ਸ਼ਾਹਰੁਖ਼ ਖ਼ਾਨ ਨਾਲ ਲੜਾਈ ਹੋ ਗਈ ਸੀ। ਇਨ੍ਹਾਂ ਸਭ ਦੋਸ਼ਾਂ ਦੇ ਵਿਚਕਾਰ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਦਾ ਕਦੇ ਸਲਮਾਨ ਦੀਆਂ ਫ਼ਿਲਮਾਂ ‘ਤੇ ਕੋਈ ਅਸਰ ਨਹੀਂ ਪਿਆ।
ਮਹਿਮਾ ਚੌਧਰੀ ਦਾ ਕਾਲਾ ਧਨ: ਫ਼ਿਲਮ ਪਰਦੇਸ ਨਾਲ 1997 ਵਿੱਚ ਸ਼ਾਹਰੁਖ਼ ਨਾਲ ਬੌਲੀਵੁਡ ਵਿੱਚ ਪ੍ਰਵੇਸ਼ ਕਰਨ ਵਾਲੀ ਮਹਿਮਾ ਚੌਧਰੀ ਬੇਸ਼ੱਕ ਫ਼ਿਲਮ ਉਦਯੋਗ ਵਿੱਚ ਉਮੀਦ ਅਨੁਸਾਰ ਸਫ਼ਲ ਨਹੀਂ ਰਹੀ, ਪਰ ਗ਼ਲਤ ਕਾਰਨਾਂ ਨਾਲ ਚਰਚਾ ਵਿੱਚ ਜ਼ਰੂਰ ਰਹੀ। ਭਾਰਤ ਸਰਕਾਰ ਨੂੰ ਸਵਿੱਸ ਬੈਂਕ ਦੇ 69 ਖ਼ਾਤਿਆਂ ਦੀ ਜਾਣਕਾਰੀ ਨਾਲ ਜੁੜੀ ਇੱਕ ਸੂਚੀ ਮਿਲੀ ਹੈ ਜਿਸ ਵਿੱਚ ਮਹਿਮਾ ਚੌਧਰੀ ਦਾ ਨਾਂ ਵੀ ਸੀ। ਦੱਸਿਆ ਜਾਂਦਾ ਹੈ ਕਿ ਇਸ ਖ਼ਾਤੇ ਵਿੱਚ ਮਹਿਮਾ ਨੇ ਕਾਲਾ ਧਨ ਜਮ੍ਹਾਂ ਕੀਤਾ ਹੋਇਆ ਸੀ।
ਆਦਿਤਿਆ ਪੰਚੋਲੀ ਅਤੇ ਵਿਵਾਦ: ਫ਼ਿਲਮ ਉਦਯੋਗ ਵਿੱਚ ਇੱਕ ਅਲੱਗ ਪਛਾਣ ਬਣਾ ਚੁੱਕਿਆ ਆਦਿਤਿਆ ਪੰਚੋਲੀ ਕਈ ਗ਼ਲਤ ਕਾਰਜਾਂ ਕਾਰਨ ਚਰਚਾ ਵਿੱਚ ਰਿਹਾ। ਪਿਛਲੇ ਸਮੇਂ ਵਿੱਚ ਉਹ ਕੰਗਨਾ ਰਣੌਤ ਨੂੰ ਲੈ ਕੇ ਦਿੱਤੇ ਗਏ ਆਪਣੇ ਬਿਆਨ ਕਾਰਨ ਵੀ ਚਰਚਾ ਵਿੱਚ ਆਇਆ ਸੀ। ਉਸ ‘ਤੇ ਆਪਣੀ ਨੌਕਰਾਣੀ ਦਾ ਸ਼ਰੀਰਿਕ ਸ਼ੋਸ਼ਣ ਕਰਨ ਦਾ ਵੀ ਦੋਸ਼ ਲੱਗਿਆ ਸੀ। ਇਸ ਵਜ੍ਹਾ ਕਾਰਨ ਹੀ ਉਸ ਦਾ ਅਭਿਨੇਤਰੀ ਪੂਜਾ ਬੇਦੀ ਨਾਲ ਰਿਸ਼ਤਾ ਟੁੱਟਿਆ।
ਉਹ ਅੰਡਰਵਰਲਡ ਦੇ ਨਾਂ ਦਾ ਸਹਾਰਾ ਲੈ ਕੇ ਅਭਿਨੇਤਰੀਆਂ ਨੂੰ ਧਮਕਾਉਣ ਨੂੰ ਲੈ ਕੇ ਵੀ ਕਾਫ਼ੀ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ। 2005 ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਉਸ ਨੇ ਆਪਣੇ ਗੁਆਂਢੀ ‘ਤੇ ਹਮਲਾ ਕਰ ਦਿੱਤਾ ਸੀ ਜਿਸ ‘ਤੇ ਅਦਾਲਤ ਨੇ ਉਸ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ, ਪਰ ਉਸ ਨੂੰ ਜ਼ਮਾਨਤ ਮਿਲ ਗਈ ਸੀ। 2015 ਵਿੱਚ ਦੇਰ ਰਾਤ ਇੱਕ ਫ਼ਾਈਵ ਸਟਾਰ ਹੋਟਲ ਦੇ ਪਬ ਵਿੱਚ ਆਦਿਤਿਆ ‘ਤੇ ਕੁੱਟਮਾਰ ਕਰਨ ਦਾ ਦੋਸ਼ ਲੱਗਿਆ ਸੀ। ਕੰਗਨਾ ਰਣੌਤ ਨੇ ਉਸ ‘ਤੇ ਕਮਰੇ ਵਿੱਚ ਕੈਦ ਕਰ ਕੇ ਰੱਖਣ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।
ਬਿਆਨਬਾਜ਼ੀ ਦੀ ਕੁਈਨ ਕੰਗਨਾ: ਅਭਿਨੇਤਰੀ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਹਾਲ ਹੀ ਵਿੱਚ ਉਹ ਇੱਕ ਬਲਾਤਕਾਰ ਦੇ ਚੁਟਕਲੇ ‘ਤੇ ਇੱਕ ਵੀਡੀਓ ਵਿੱਚ ਹੱਸਦੀ ਹੋਈ ਨਜ਼ਰ ਆਈ ਸੀ, ਅਤੇ ਉਸ ਕਾਰਨ ਉਹ ਚਰਚਾ ਵਿੱਚ ਰਹੀ। ਰਿਤਿਕ ਰੌਸ਼ਨ ਨਾਲ ਉਸ ਦਾ ਵਿਵਾਦ ਵ਀ਿ ਕਾਫ਼ੀ ਚਰਚਾ ਵਿੱਚ ਰਿਹਾ ਹੈ। ਇਸ ਪੂਰੇ ਵਿਵਾਦ ਵਿੱਚ ਰਿਤਿਕ ਦੇ ਪਿਤਾ ਵੀ ਸਾਹਮਣੇ ਆ ਚੁੱਕੇ ਹਨ। ਦੋਨੋਂ ਇੱਕ ਦੂਜੇ ਨੂੰ ਕਾਨੂੰਨੀ ਨੋਟਿਸ ਵੀ ਭੇਜ ਚੁੱਕੇ ਹਨ।
ਕੰਗਨਾ ਨੇ ਇੱਕ ਟੀਵੀ ਸ਼ੋਅ ਵਿੱਚ ਫ਼ਿਲਮ ਨਿਰਦੇਸ਼ਕ/ਨਿਰਮਾਤਾ ਕਰਨ ਜੌਹਰ ‘ਤੇ ਭਾਈ ਭਤੀਜਾਵਾਦ ਨੂੰ ਪ੍ਰੋਤਸਾਹਨ ਦੇਣ ਦੇ ਦੋਸ਼ ਲਗਾਏ ਸਨ। ਅਭਿਨੇਤਾ ਸੈਫ਼ ਅਲੀ ਖ਼ਾਨ ਨਾਲ ਵੀ ਇਸੇ ਕਾਰਨ ਉਸ ਦਾ ਵਿਵਾਦ ਹੋਇਆ ਸੀ। ਉਹ ਕਈ ਵਾਰ ਕਹਿ ਚੁੱਕੀ ਹੈ ਕਿ ਉਸ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਕਿਸੇ ਖ਼ਾਨ ਦੀ ਜ਼ਰੂਰਤ ਨਹੀਂ।
ਜਤਿੰਦਰ ‘ਤੇ ਯੌਨ ਸ਼ੋਸ਼ਣ ਦਾ ਦੋਸ਼: ਆਪਣੇ ਜ਼ਮਾਨੇ ਦੇ ਸੁਪਰ ਸਟਾਰ ਜਤਿੰਦਰ ‘ਤੇ ਉਸ ਦੀ ਹੀ ਰਿਸ਼ਤੇਦਾਰ ਨੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਹਿਮਾਚਲ ਪ੍ਰਦੇਸ਼ ਪੁਲੀਸ ਨੂੰ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਹ 18 ਸਾਲ ਦੀ ਸੀ ਅਤੇ ਜਤਿੰਦਰ 28 ਦਾ ਤਾਂ ਰਾਤ ਵਿੱਚ ਸ਼ਿਮਲਾ ਪਹੁੰਚਣ ‘ਤੇ ਜਤਿੰਦਰ ਨੇ ਨਸ਼ੇ ਦੀ ਹਾਲਤ ਵਿੱਚ ਉਸ ਦਾ ਯੌਣ ਸ਼ੋਸ਼ਣ ਕੀਤਾ।
ਮਧੁਰ ਭੰਡਾਰਕਰ ਅਤੇ ਕਾਸਟਿੰਗ ਕਾਊਚ: ਕਾਸਟਿੰਗ ਕਾਊਚ ਅਤੇ ਯੌਣ ਸ਼ੋਸ਼ਣ ਦੇ ਦੋਸ਼ ਤੋਂ ਉੱਘਾ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਮਧੁਰ ਭੰਡਾਰਕਰ ਵੀ ਅਛੂਤਾ ਨਹੀਂ। ਅਭਿਨੇਤਰੀ ਪ੍ਰੀਤੀ ਜੈਨ ਨੇ ਜੁਲਾਈ 2004 ਵਿੱਚ ਪੁਲੀਸ ਥਾਣੇ ਵਿੱਚ ਇੱਕ ਸ਼ਿਕਾਇਤ ਦਰਜ ਕਰ ਕੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਉਸ ਨੇ ਕਿਹਾ ਸੀ ਕਿ 1999 ਤੋਂ 2004 ਵਿਚਕਾਰ ਭੰਡਾਰਕਰ ਨੇ ਫ਼ਿਲਮਾਂ ਵਿੱਚ ਅਭਿਨੇਤਰੀ ਬਣਾਉਣ ਦਾ ਝਾਂਸਾ ਦੇ ਕੇ ਉਸ ਦਾ 16 ਵਾਰ ਬਲਾਤਕਾਰ ਕੀਤਾ। ਅਦਾਲਤ ਨੇ 2012 ਵਿੱਚ ਇਸ ਮਾਮਲੇ ਦੀ ਸੁਣਵਾਈ ‘ਤੇ ਰੋਕ ਲਗਾ ਦਿੱਤੀ ਸੀ।
ਸ਼ਾਇਨੀ ਦਾ ਕਰੀਅਰ ਹੋਇਆ ਖ਼ਤਮ: ਅਭਿਨੇਤਾ ਸ਼ਾਇਨੀ ਆਹੂਜਾ ‘ਤੇ 2009 ਵਿੱਚ ਉਸ ਦੀ ਘਰੇਲੂ ਨੌਕਰਾਣੀ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਬਾਅਦ ਵਿੱਚ ਉਸ ਨੇ ਦੋਸ਼ ਵਾਪਿਸ ਲੈ ਲਿਆ, ਪਰ ਹੇਠਲੀ ਅਦਾਲਤ ਨੇ ਇਸ ਨੂੰ ਕਬੂਲ ਨਹੀਂ ਕੀਤਾ ਅਤੇ ਸਬੂਤਾਂ ਦੇ ਆਧਾਰ ‘ਤੇ ਆਹੂਜਾ ਨੂੰ ਦੋਸ਼ੀ ਠਹਿਰਾਇਆ। ਇਸ ਲਈ ਉਸ ਨੂੰ ਲੰਬੇ ਸਮੇਂ ਤਕ ਸ਼ਲਾਖਾਂ ਦੇ ਪਿੱਛੇ ਰਹਿਣਾ ਪਿਆ ਸੀ। ਇਸ ਦੋਸ਼ ਨੇ ਉਸਦੇ ਅੱਗੇ ਵਧ ਰਹੇ ਕਰੀਅਰ ਨੂੰ ਖ਼ਤਮ ਹੀ ਕਰ ਦਿੱਤਾ।
ਸੰਜੇ ਦੱਤ ਅਤੇ ਅਪਰਾਧ ਜਗਤ: ਵਿਵਾਦਾਂ ਨਾਲ ਸੰਜੇ ਦੱਤ ਦਾ ਵੀ ਕਾਫ਼ੀ ਗਹਿਰਾ ਸਬੰਧ ਰਿਹਾ ਹੈ। 1993 ਦੇ ਲੜੀਵਾਰ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਵਿਸ਼ੇਸ਼ ਟਾਡਾ ਅਦਾਲਤ ਨੇ ਸੰਜੇ ਨੂੰ ਦੋਸ਼ੀ ਪਾਇਆ ਅਤੇ ਪੰਜ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਇਨ੍ਹਾਂ ਮਾਮਲਿਆਂ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੰਜੇ ਦੱਤ ਡਰੱਗਜ਼ ਦੀ ਲਤ ਅਤੇ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਿਹਾ ਸੀ।
ਮਮਤਾ ਦਾ ਮਾਫ਼ੀਆ ਕਨੈਕਸ਼ਨ: ਮਮਤਾ ਕੁਲਕਰਨੀ ਆਪਣੇ ਅਭਿਨੈ ਤੋਂ ਜ਼ਿਆਦਾ ਵਿਵਾਦਾਂ ਕਾਰਨ ਚਰਚਾ ਵਿੱਚ ਰਹੀ। ਕਰੋੜਾਂ ਦੀ ਡਰੱਗਜ਼ ਤਸਕਰੀ ਅਤੇ ਡਰੱਗਜ਼ ਰੈਕੇਟ ਚਲਾਉਣ ਦੇ ਮਾਮਲੇ ਵਿੱਚ ਉਹ ਅਤੇ ਉਸ ਦੇ ਪਤੀ ਵਿਕੀ ਗੋਸਵਾਮੀ ਨੂੰ ਭਗੌੜਾ ਐਲਾਨਿਆ ਹੋਇਆ ਹੈ। ਕੋਰਟ ਨੇ ਉਨ੍ਹਾਂ ਦੀ ਸੰਪਤੀ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਠਾਣੇ ਪੁਲੀਸ ਨੇ 2010 ਵਿੱਚ 22 ਸੌ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਭਾਂਡਾ ਫ਼ੋੜਿਆ ਸੀ। ਇਸ ਦੀ ਜਾਂਚ ਵਿੱਚ ਵੀ ਮਮਤਾ ਕੁਲਕਰਨੀ ਦਾ ਨਾਂ ਸਾਹਮਣੇ ਆਇਆ ਸੀ।