ਨਵੀਂ ਦਿੱਲੀ — ਗ੍ਰਹਿ ਮੰਤਰੀ ਅਮਿਤ ਸ਼ਾਹ Air India ਵਿਨਿਵੇਸ਼ ਲਈ ਪੁਨਰਗਠਿਤ ਮੰਤਰੀ ਸਮੂਹ ਦੀ ਅਗਵਾਈ ਕਰਨਗੇ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਇਸ ਗਰੁੱਪ ਵਿਚੋਂ ਹਟਾ ਦਿੱਤਾ ਗਿਆ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੰਤਰੀ ਸਮੂਹ ਹੀ ਏਅਰ ਇੰਡੀਆ ਦੀ ਵਿਕਰੀ ਦੇ ਤੌਰ-ਤਰੀਕੇ ਤੈਅ ਕਰੇਗਾ। ਇਸ ਗਰੁੱਪ ਵਿਚ 4 ਕੇਂਦਰੀ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਣਜ ਅਤੇ ਰੇਲ ਮੰਤਰੀ ਪਿਊਸ਼ ਗੋਇਲ ਅਤੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਸ਼ਾਮਲ ਹੋਣਗੇ।
2 ਸਾਲ ਪਹਿਲਾਂ ਹੋਇਆ ਸੀ ਗਰੁੱਪ ਦਾ ਗਠਨ
Air India ਦੀ ਵਿਕਰੀ ਲਈ ਮੰਤਰੀ ਸਮੂਹ ਦਾ ਪਹਿਲੀ ਵਾਰ ਗਠਨ ਜੂਨ 2017 ਵਿਚ ਕੀਤਾ ਗਿਆ ਸੀ। ਇਸ ਸਮੂਹ ਨੂੰ Air India ਵਿਸ਼ੇਸ਼ ਬਦਲਵੇਂ ਪ੍ਰਬੰਧ (AISAM) ਦਾ ਨਾਮ ਦਿੱਤਾ ਗਿਆ। ਉਸ ਸਮੇਂ ਇਸ ਗਰੁੱਪ ਦੀ ਅਗਵਾਈ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਕਰ ਰਹੇ ਸਨ ਅਤੇ ਇਸ ਗਰੁੱਪ ਵਿਚ ਪੰਜ ਮੈਂਬਰ ਸਨ। ਮੋਦੀ ਸਰਕਾਰ ਦੇ ਮੁੜ ਤੋਂ ਸੱਤਾ ਵਿਚ ਆਉਣ ਤੋਂ ਬਾਅਦ ਇਸ ਗਰੁੱਪ ਦਾ ਮੁੜ ਤੋਂ ਗਠਨ ਕੀਤਾ ਗਿਆ ਹੈ ਅਤੇ ਗਡਕਰੀ ਹੁਣ ਇਸ ਸਮੂਹ ਦਾ ਹਿੱਸਾ ਨਹੀਂ ਹਨ। ਹੁਣ ਇਸ ਗਰੁੱਪ ਵਿਚ ਪੰਜ ਦੀ ਬਜਾਏ 4 ਮੈਂਬਰ ਹਨ।
ਆਪਣੇ ਪਹਿਲੇ ਕਾਰਜਕਾਲ ਵਿਚ ਮੋਦੀ ਸਰਕਾਰ ਨੇ 2018 ਵਿਚ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਦੀ ਵਿਕਰੀ ਅਤੇ ਏਅਰਲਾਈਨ ਦੇ ਪ੍ਰਬੰਧਨ ਲਈ ਨਿਵੇਸ਼ਕਾਂ ਕੋਲੋਂ ਬੋਲੀਆਂ ਮੰਗੀਆਂ ਸਨ। ਹਾਲਾਂਕਿ ਇਹ ਪ੍ਰਕਿਰਿਆ ਅਜੇ ਤੱਕ ਸਫਲ ਨਹੀਂ ਹੋ ਸਕੀ ਕਿਉਂਕਿ ਨਿਵੇਸ਼ਕਾਂ ਨੇ ਇਸ ਸੌਦੇ ਲਈ ਬੋਲੀਆਂ ਨਹੀਂ ਦਿੱਤੀਆਂ। ਇਸ ਤੋਂ ਬਾਅਦ ਸੌਦੇ ਲਈ ਨਿਯੁਕਤ ਸਲਾਹਕਾਰ ਈਵਾਈ ਨੇ ਇਸ ਬਾਰੇ ਰਿਪੋਰਟ ਤਿਆਰ ਕੀਤੀ ਕਿ ਵਿਕਰੀ ਦੀ ਪ੍ਰਕਿਰਿਆ ਕਿਉਂ ਅਸਫਲ ਰਹੀ। ਈਵਾਈ ਨੇ ਆਪਣੀ ਰਿਪੋਰਟ ਵਿਚ ਜਿਹੜਾ ਕਾਰਨ ਦੱਸਿਆ ਉਹ ਸਰਕਾਰ ਵਲੋਂ 24 ਫੀਸਦੀ ਹਿੱਸੇਦਾਰੀ ਆਪਣੇ ਕੋਲ ਰੱਖਣਾ, ਉੱਚਾ ਕਰਜ਼ਾ, ਕੱਚੇ ਤੇਲ ਦੀਆਂ ਕੀਮਤਾਂ ਵਿਚ ਅਸਥਿਰਤਾ, ਵਟਾਂਦਰਾ ਦਰਾਂ ‘ਚ ਉਤਰਾਅ-ਚੜ੍ਹਾਅ, ਵਾਤਾਵਰਣ ‘ਚ ਬਦਲਾਅ ਆਦਿ ਸਨ। ਸੂਤਰਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰ ਸਕਦੀ ਹੈ। ਸਰਕਾਰ ਦਾ ਇਰਾਦਾ ਵਿਕਰੀ ਦੀ ਪ੍ਰਕਿਰਿਆ ਦਸੰਬਰ 2019 ਤੱਕ ਪੂਰਾ ਕਰਨ ਦਾ ਹੈ। ਇਕ ਸੂਤਰ ਨੇ ਦੱਸਿਆ ਕਿ ਕਿੰਨੀ ਹਿੱਸੇਦਾਰੀ ਦੀ ਵਿਕਰੀ ਕੀਤੀ ਜਾਵੇਗੀ ਅਤੇ ਬੋਲੀਆਂ ਕਦੋਂ ਮੰਗੀਆਂ ਜਾਣਗੀਆਂ ਇਸ ਬਾਰੇ ਫੈਸਲਾ ਨਵੀਂ ਗਠਿਤ ਕਮੇਟੀ ਹੀ ਕਰੇਗੀ।