ਖੂੰਟੀ— ਝਾਰਖੰਡ ‘ਚ ਖੂੰਟੀ ਜ਼ਿਲੇ ਦੇ ਮੁਰਹੂ ਥਾਣਾ ਖੇਤਰ ਦੇ ਹੇਟਗੋਆ ਪਿੰਡ ‘ਚ ਅਪਰਾਧੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਾਗੋ ਮੁੰਡੂ, ਉਨ੍ਹਾਂ ਦੀ ਪਤਨੀ ਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਔਰਤ ਨੂੰ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਕੁਝ ਅਪਰਾਧੀਆਂ ਨੇ ਭਾਜਪਾ ਨੇਤਾ ਅਤੇ 20 ਸੂਤਰੀ ਬਲਾਕ ਦੇ ਉੱਪ ਪ੍ਰਧਾਨ ਮੁੰਡੂ ਦੇ ਘਰ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਪਰਾਧੀਆਂ ਨੇ ਮਾਗੋ ਮੁੰਡੂ (55), ਪਤਨੀ ਲਖਮਨੀ ਮੁੰਡੂ (45) ਤੇ ਬੇਟੇ ਲਿਪਰਾਏ ਮੁੰਡੂ (25) ਨੂੰ ਘਰੋਂ ਬਾਹਰ ਕੱਢ ਕੇ ਗੋਲੀ ਮਾਰ ਦਿੱਤੀ। ਇਸ ਘਟਨਾ ‘ਚ ਮਾਗੋ ਮੁੰਡੂ ਅਤੇ ਲਿਪਰਾਏ ਮੁੰਡੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਆਪਣੇ ਘਰੋਂ ਬਾਹਰ ਨਿਕਲੀ ਇਕ ਹੋਰ ਔਰਤ ਨੌਰੀ ਮੁੰਡੂ ਨੂੰ ਵੀ ਅਪਰਾਧੀਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਜ਼ਖਮੀ ਲਖਮਨੀ ਮੁੰਡੂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਰਸਤੇ ‘ਚ ਉਸ ਨੇ ਦਮ ਤੋੜ ਦਿੱਤਾ। ਨੌਰੀ ਮੁੰਡੂ ਨੂੰ ਇਲਾਜ ਲਈ ਰਾਂਚੀ ਦੇ ਰਾਜੇਂਦਰ ਆਯੂਵਿਗਿਆਨ ਸੰਸਥਾ (ਏਮਜ਼) ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਦੇ ਵਰੀਏ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।