ਨਵੀਂ ਦਿੱਲੀ— ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਹੈ ਅਤੇ ਉਨ੍ਹਾਂ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ‘ਚ ਭ੍ਰਿਸ਼ਟਾਚਾਰ ਦੀ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ। ਸਦਨ ‘ਚ ਪ੍ਰਸ਼ਨਕਾਲ ਦੌਰਾਨ ਇਕ ਮੈਂਬਰ ਨੇ ਪ੍ਰਸ਼ਨ ਪੁੱਛਦੇ ਹੋਏ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ‘ਚ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ‘ਚ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੇਠਲੇ ਸਦਨ ‘ਚ ਇਸ ਜਵਾਬ ‘ਤੇ ਹੈਰਾਨੀ ਜ਼ਾਹਰ ਕੀਤੀ ਗਈ ਕਿ ਵਿਭਾਗ ‘ਚ ਭ੍ਰਿਸ਼ਟਾਚਾਰ ਦੀ ਇਕ ਵੀ ਸ਼ਿਕਾਇਤ ਦਰਜ ਨਹੀਂ ਹੋਈ। ਮੈਂਬਰ ਨੇ ਕਿਹਾ ਕਿ ਇਹ ਜਵਾਬ ਗੁੰਮਰਾਹ ਕਰਨ ਵਾਲਾ ਲੱਗਦਾ ਹੈ।
ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਨੇ ਕਿਹਾ,”ਇਹ ਮੋਦੀ ਸਰਕਾਰ ਹੈ। ਇਸ ‘ਚ ਭ੍ਰਿਸ਼ਟਾਚਾਰ ਨਹੀਂ ਹੁੰਦਾ। ਇਹ ਭ੍ਰਿਸ਼ਟਾਚਾਰ ਵਾਲੀ ਪੁਰਾਣੀ ਸਰਕਾਰ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ ‘ਚ ਆਉਣ ਤੋਂ ਬਾਅਦ ਹੀ ਕਾਲੇ ਧਨ ਵਿਰੁੱਧ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ,”ਇਹ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਾ ਖਾਵਾਂਗਾ, ਨਾ ਖਾਣ ਦੇਵਾਂਗਾ ਅਤੇ ਖਾਣ ਵਾਲਿਆਂ ਨੂੰ ਛੱਡਾਂਗਾ ਨਹੀਂ।” ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਸਰਕਾਰ ਦੇ ਇਕ ਵੀ ਮੰਤਰੀ ‘ਤੇ ਭ੍ਰਿਸ਼ਟਾਚਾਰ ਦਾ ਦਾਗ਼ ਨਹੀਂ ਲੱਗਾ ਹੈ ਅਤੇ ਉਨ੍ਹਾਂ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ‘ਚ ਭ੍ਰਿਸ਼ਟਾਚਾਰ ਦਾ ਇਕ ਵੀ ਮਾਮਲਾ ਦਰਜ ਨਹੀਂ ਹੋਇਆ ਹੈ।