ਲਾਹੌਰ – ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਮਿਕੀ ਆਰਥਰ 27 ਵਰ੍ਹਿਆਂ ਦੀ ਉਮਰ ਦੇ ਮੁਹੰਮਦ ਆਮਿਰ ਦੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫ਼ੈਸਲੇ ਤੋਂ ਹੈਰਾਨ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਕਿ ਸਪੌਟ ਫ਼ਿਕਸਿੰਗ ਮਾਮਲੇ ‘ਚ ਪਾਬੰਦੀ ਨਾਲ ਲੰਬੇ ਫ਼ੌਰਮੈਟ ‘ਚ ਇਸ ਤੇਜ਼ ਗੇਂਦਬਾਜ਼ ਦੇ ਕਰੀਅਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇੰਗਲੈਂਡ ‘ਚ 2010 ‘ਚ ਸਪੌਟ ਫ਼ਿਕਸਿੰਗ ਮਾਮਲੇ ‘ਚ ਨਾਂ ਸਾਹਮਣੇ ਆਉਣ ਕਾਰਨ ਆਮਿਰ ‘ਤੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਨੇ 2015 ‘ਚ ਖੇਡ ਦੇ ਸਾਰੇ ਫ਼ੌਰਮੈਟਾਂ ‘ਚ ਵਾਪਸੀ ਕੀਤੀ, ਪਰ ਆਪਣੇ ਕਰੀਅਰ ‘ਚ 36 ਟੈੱਸਟ ‘ਚ 119 ਵਿਕਟਾਂ ਹਾਸਿਲ ਕਰਨ ਤੋਂ ਬਾਅਦ ਇਸ ਤੇਜ਼ ਗੇਂਦਬਾਜ਼ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ।
ਆਰਥਰ ਨੇ ਪੱਤਰਕਾਰਾਂ ਨੂੰ ਕਿਹਾ, ”ਉਹ (ਆਮਿਰ) ਪੰਜ ਸਾਲ ਖੇਡ ਤੋਂ ਦੂਰ ਰਿਹਾ … ਇਨ੍ਹਾਂ ਪੰਜ ਸਾਲਾਂ ‘ਚ ਉਸ ਨੇ ਕੁੱਝ ਨਹੀਂ ਕੀਤਾ। ਉਸ ਦਾ ਸ਼ਰੀਰ ਟੈੱਸਟ ਕ੍ਰਿਕਟ ਵਰਗੇ ਬੇਹੱਦ ਮੁਸ਼ਕਿਲ ਫ਼ੌਰਮੈਟ ਲਈ ਤਿਆਰ ਨਹੀਂ।” ਆਰਥਰ ਨੇ ਕਿਹਾ ਕਿ ਜੇਕਰ ਆਮਿਰ ਸਪੌਟ ਫ਼ਿਕਸਿੰਗ ਮਾਮਲੇ ‘ਚ ਨਾ ਫ਼ਸਦਾ ਤਾਂ ਉਹ ਪਾਕਿਸਤਾਨ ਦੇ ਇਤਿਹਾਸ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ‘ਚੋਂ ਇੱਕ ਹੁੰਦਾ। ਉਨ੍ਹਾਂ ਕਿਹਾ, ”ਇੰਨੇ ਸਾਲ ਪਹਿਲਾਂ ਆਮਿਰ ਦੇ ਕਰੀਅਰ ਦੀ ਸ਼ੁਰੂਆਤ ‘ਚ ਉਸ ਨੂੰ ਜੋ ਵੱਡੀ ਹੱਲਾਸ਼ੇਰੀ ਮਿਲੀ ਸੀ, ਉਹ ਸਹੀ ਸੀ। ਇਸ ਦਾ ਕਾਰਨ ਇਹ ਹੈ ਕਿ ਉਹ ਇੰਨਾ ਮਾਰਕੀ ਗੇਂਦਬਾਜ਼ ਹੈ ਕਿ ਜਦੋਂ ਗੇਂਦ ਸਵਿੰਗ ਹੁੰਦੀ ਹੈ ਤਾਂ ਉਸ ਤੋਂ ਬਿਹਤਰ ਜ਼ਿਆਦਾ ਲੋਕ ਨਹੀਂ ਮੌਜੂਦ, ਪਰ ਹੁਣ ਉਹ ਉਸ ਤਰ੍ਹਾਂ ਦਾ ਨਹੀਂ ਰਹਿ ਗਿਆ।”