ਅਸੀਂ ਸਾਰੇ ਮੂਡੀ ਹਾਂ। ਸਾਡੇ ਸਾਰਿਆਂ ਦੇ ਆਪਣੇ ਪਲ ਨੇ। ਕਦੇ ਕਦੇ ਸੰਤਾਂ ਮਹਾਤਮਾਵਾਂ ਦਾ ਵੀ ਸਵੇਰ ਤੋਂ ਹੀ ਮਿਜ਼ਾਜ ਵਿਗੜਿਆ ਹੋਇਆ ਹੋ ਸਕਦੈ ਅਤੇ ਉਹ ਵੀ ਚਿੜਚਿੜੇ ਹੋ ਸਕਦੇ ਨੇ। ਦੁਸ਼ਟ ਤੋਂ ਦੁਸ਼ਟ ਵਿਅਕਤੀ ਵੀ ਕਦੇ ਕਦਾਈਂ ਆਪਣੇ ਵਹਿਸ਼ੀਪੁਣੇ ਨੂੰ ਭੁੱਲ ਕੇ ਜਾਨਵਰਾਂ ‘ਤੇ ਦਇਆ ਕਰ ਸਕਦੈ ਜਾਂ ਕਿਸੇ ਬਜ਼ੁਰਗ ਦੀ ਮਦਦ ਕਰ ਸਕਦੈ। ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਕੋਈ ਵੀ ਫ਼ੈਸਲਾ ਕਰਨ ਵਿੱਚ ਕਾਹਲ ਨਾ ਕਰੋ। ਜੇਕਰ ਤੁਸੀਂ ਸੱਚਮੁੱਚ ਜਾਨਣਾ ਚਾਹੁੰਦੇ ਹੋ ਕਿ ਕਿਸੇ ਖ਼ਾਸ ਸਥਿਤੀ ਵਿੱਚ ਕੀ ਹੋ ਰਿਹੈ ਜਾਂ ਕਿਸੇ ਖ਼ਾਸ ਵਿਅਕਤੀ ਦੇ ਦਿਲ ਵਿੱਚ ਕੀ ਚੱਲ ਰਿਹੈ ਤਾਂ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਲੰਬੇ ਸਮੇਂ ਤਕ ਵਾਚੋ – ਅਤੇ ਇੰਨੀ ਕੁ ਦੂਰੀ ਬਣਾਈ ਰੱਖੋ ਕਿ ਉਨ੍ਹਾਂ ਨੂੰ ਨਿਰਪੱਖਤਾ ਨਾਲ ਦੇਖ ਸਕੋ। ਅਸਥਾਈ ਘਟਨਾਵਾਂ ‘ਤੇ ਬਹੁਤੀ ਜ਼ਿਆਦਾ ਪ੍ਰਤੀਕਿਰਿਆ ਨਾ ਦਿਖਾਓ।

ਜੇ ਜਿੱਤਣਾ ਨਹੀਂ ਕੇਵਲ ਹਿੱਸਾ ਲੈਣਾ ਹੀ ਮਾਇਨੇ ਰੱਖਦੈ ਤਾਂ ਫ਼ਿਰ ਅਸੀਂ ਸਮਾਪਤੀ ਰੇਖਾਵਾਂ ਦੀ ਇੰਨੀ ਪਰਵਾਹ ਕਿਉਂ ਕਰਦੇ ਹਾਂ? ਕਿਸੇ ਦੌੜ ਵਿੱਚ ਇੱਕ ਦੌੜਾਕ ਨੂੰ ਪਹਿਲੇ ਕਿਸੇ ਦੌੜਾਕ ਵਲੋਂ ਸਥਾਪਿਤ ਕੀਤੇ ਗਏ ਰਿਕਾਰਡ ਸਮੇਂ ਨੂੰ ਕੁਝ ਕੁ ਮਿਲੀ-ਸੈਕਿੰਡ ਦੇ ਫ਼ਰਕ ਨਾਲ ਤੋੜਦਾ ਦੇਖਣ ਵਿੱਚ ਕਾਹਦਾ ਰੋਮਾਂਚ? ਅਸੀਂ ਸਭ ਤੋਂ ਆਹਿਸਤਾ ਚੱਲਣ ਵਾਲੇ ਜਾਂ ਰਚਨਾਤਮਕ ਮੁਕਾਬਲੇਬਾਜ਼ ਦੀ ਵਾਹ ਵਾਹ ਕਿਉਂ ਨਹੀਂ ਕਰਦੇ? ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਜਿਵੇਂ ਲੋਕਾਂ ਨੂੰ ਪਾਗਲਪਨ ਦੀ ਹੱਦ ਤਕ ਜਨੂੰਨ ਹੈ। ਖੇਡਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਲਈ ਜਗ੍ਹਾ ਹੋਵੇਗੀ, ਪਰ ਤੁਹਾਡੀ ਜ਼ਿੰਦਗੀ ਕੋਈ ਖੇਡ ਨਹੀਂ, ਅਤੇ ਇਹ ਮੁਕਾਬਲਾ ਤਾਂ ਹਰਗਿਜ਼ ਨਹੀਂ। ਖ਼ੁਦ ‘ਤੇ ਅਤੇ ਦੂਸਰਿਆਂ ‘ਤੇ ਤਰਸ ਖਾਓ।

ਲੋਕ ਕਹਿੰਦੇ ਨੇ, ”ਜੇ ਕੁਝ ਟੁੱਟਿਆ ਨਾ ਹੋਵੇ ਤਾਂ ਉਸ ਦੀ ਮੁਰੰਮਤ ਨਾ ਕਰੋ।” ਲੋਕ ਕਹਿੰਦੇ ਨੇ, ”ਜਦੋਂ ਤੁਹਾਨੂੰ ਕੋਈ ਸਫ਼ਲ ਫ਼ਾਰਮੂਲਾ ਲੱਭ ਜਾਵੇ ਤਾਂ ਉਸ ਨੂੰ ਚਿੱਮੜ ਜਾਓ ਅਤੇ ਬਦਲੋ ਨਾ।” ਲੋਕ ਕਹਿੰਦੇ ਨੇ, ”ਪੁਰਾਣੇ ਵੇਲੇ ਭਲੇ ਹੁੰਦੇ ਸਨ।” ਲੋਕ ਤਾਂ, ਪਰ, ਬਹੁਤ ਕੁਝ ਕਹਿੰਦੇ ਨੇ ਕਿਉਂਕਿ ਉਨ੍ਹਾਂ ਦਾ ਤਾਂ ਕੰਮ ਹੀ ਹੈ ਕਹਿਣਾ। ਇਹ ਜ਼ਰੂਰ ਨਹੀਂ ਕਿ ਜੋ ਕੁਝ ਵੀ ਉਹ ਕਹਿੰਦੇ ਨੇ ਉਹ ਠੀਕ ਹੀ ਹੋਵੇ। ਇਸ ਵੇਲੇ ਥੋੜ੍ਹੀ ਤਬਦੀਲੀ ਲਿਆਉਣ ਦਾ ਵੇਲਾ ਹੈ। ਤੁਸੀਂ ਆਪਣੀ ਜ਼ਿੰਦਗੀ ਪੁਰਾਣੇ ਕਾਇਦੇ ਕਾਨੂੰਨਾਂ ਮੁਤਾਬਿਕ ਹੀ ਜਿਊਂਦੇ ਨਹੀਂ ਰਹਿ ਸਕਦੇ। ਇਹ ਤੁਹਾਡੇ ‘ਤੇ ਬੰਦਿਸ਼ਾਂ ਲਗਾ ਰਹੇ ਹਨ ਅਤੇ ਬਹੁਤ ਹੀ ਬੇਮਤਲਬ ਹੁੰਦੇ ਜਾ ਰਹੇ ਹਨ। ਕੋਈ ਚੀਜ਼ ਟੁੱਟੀ ਹੋਈ ਹੈ। ਉਸ ਨੂੰ ਠੀਕ ਕਰਨ ਦੀ ਲੋੜ ਹੈ। ਕੋਈ ਪ੍ਰਕਿਰਿਆ ਓਨੀ ਠੀਕ ਨਹੀਂ ਚੱਲ ਰਹੀ ਜਿੰਨੀ ਉਹ ਚੱਲ ਸਕਦੀ ਸੀ। ਉਸ ਨੂੰ ਬਦਲਣ ਦੀ ਲੋੜ ਹੈ। ਕੋਈ ਸਹੀ ਤਰ੍ਹਾਂ ਦੀ ਪ੍ਰਗਤੀ ਬੱਸ ਸ਼ੁਰੂ ਹੋਣ ਨੂੰ ਫ਼ਿਰਦੀ ਹੈ। ਉਸ ਨੂੰ ਉਹ ਮਦਦ ਦਿਓ ਜਿਹੜੀ ਉਸ ਨੂੰ ਚਾਹੀਦੀ ਹੈ।

ਵਕਤ ਦੇ ਨਾਲ ਨਾਲ ਤੌਰ ਤਰੀਕੇ ਅਤੇ ਰਸਮੋ ਰਿਵਾਜ ਬਦਲਦੇ ਰਹਿੰਦੇ ਹਨ। ਅੱਜ ਦਾ ਸਲੀਕਾਦਾਰ ਸ਼ਿਸ਼ਟਾਚਾਰ ਕੱਲ੍ਹ ਦੀ ਸਮਾਜਕ ਅਸ਼ਿਸ਼ਟਤਾ ਹੈ। ਪਰ ਫ਼ਿਰ ਵੀ ਲੋਕ ‘ਕੀ ਨਹੀਂ ਕਰਨਾ ਚਾਹੀਦਾ’ ਅਤੇ ‘ਕੀ ਕਰਨਾ ਚਾਹੀਦੈ’ ਦੀ ਸੂਚੀ ਤਿਆਰ ਕਰਨੀ ਪਸੰਦ ਕਰਦੇ ਹਨ। ਆਖ਼ਿਰ ਇਹ ਪ੍ਰਵਾਨਿਤ ਅਤੇ ਅਪ੍ਰਵਾਨਿਤ ਵਿਹਾਰ ਨਾਲ ਕਾਹਦਾ ਇਸ਼ਕ? ਕੀ ਇਹ ਸਾਨੂੰ ਇਹ ਗੱਲ ਭੁਲਾਉਣ ਦਾ ਇੱਕ ਢੰਗ ਹੈ ਕਿ ਕਿਸੇ ਨੂੰ ਵੀ ਨਹੀਂ ਪਤਾ ਕਿ ਚੀਜ਼ਾਂ ਨੂੰ ਕਿਸ ਤਰ੍ਹਾਂ ਹੋਣਾ (ਜਾਂ ਨਹੀਂ ਹੋਣਾ) ਚਾਹੀਦਾ? ਤੁਸੀਂ ਇਸ ਵਕਤ ਸੇਧ ਦੀ ਭਾਲ ਵਿੱਚ ਹੋ। ਤੁਹਾਨੂੰ ਇਹ ਪੱਕਾ ਨਹੀਂ ਪਤਾ ਕਿ ਕੋਈ ਖ਼ਾਸ ਰੋਲ ਤੁਸੀਂ ਕਿਵੇਂ ਨਿਭਾਉਣੈ। ਜਿਨ੍ਹਾਂ ਨੂੰ ਵੀ ਤੁਸੀਂ ਪੁੱਛੋਗੇ ਉਹ ਤੁਹਾਨੂੰ ਕੁਝ ਨਾ ਕੁਝ ਵੱਖਰਾ ਹੀ ਦੱਸਣਗੇ, ਸੋ ਬਿਹਤਰ ਇਹੋ ਹੈ ਕਿ ਤੁਸੀਂ ਖ਼ੁਦ ਨੂੰ ਹੀ ਪੁੱਛੋ। ਜੇਕਰ ਉਹ ਤੁਹਾਡੇ ਦਿਲ ਨੂੰ ਠੀਕ ਲੱਗ ਰਿਹੈ ਤਾਂ ਫ਼ਿਰ ਉਹ ਠੀਕ ਹੀ ਹੈ।

ਕਲਪਨਾ ਕਰੋ ਕਿ ਕੋਈ ਭੁੱਖਾ ਵਿਅਕਤੀ ਆਪਣੇ ਰੋਟੀ ਦੇ ਆਖ਼ਰੀ ਟੁੱਕੜੇ ਤਕ ਪਹੁੰਚ ਚੁੱਕੈ। ਉਹ ਉਸ ਨੂੰ ਨਿਗਲਣ ਲਈ ਕਾਫ਼ੀ ਉਤਾਵਲਾ ਹੈ ਕਿ ਅਚਾਨਕ ਉਸ ਦਾ ਬੂਹਾ ਜ਼ੋਰ ਨਾਲ ਖੜਕ ਪੈਂਦੈ। ਤ੍ਰਭਕ ਕੇ, ਉਹ ਬਾਰੀ ਤੋਂ ਆਪਣਾ ਸਿਰ ਹੇਠਾਂ ਕਰ ਕੇ ਛੁਪਣ ਦੀ ਕੋਸ਼ਿਸ਼ ਕਰਦੈ ਕਿ ਕਿਤੇ ਕੋਈ ਬੰਦਾ ਆਪਣਾ ਬਕਾਇਆ ਵਸੂਲਣ ਨਾ ਆ ਗਿਆ ਹੋਵੇ ਜਾਂ ਫ਼ਿਰ ਉਸ ਦਾ ਕੀਮਤੀ ਖਾਣਾ ਖੋਹਣ ਵਾਲਾ ਕੋਈ ਲੁਟੇਰਾ ਨਾ ਹੋਵੇ। ਪਰ, ਦਰਅਸਲ, ਇਹ ਤਾਂ ਪੀਜ਼ਾ ਡਲਿਵਰ ਕਰਨ ਵਾਲਾ ਲੜਕਾ ਹੈ ਜੋ ਤੁਹਾਡੇ ਲਈ ਕਿਸੇ ਨੇਕ ਵਿਅਕਤੀ ਵਲੋਂ ਗੁਪਤ ਤੌਰ ‘ਤੇ ਖ਼ਰੀਦਿਆ ਹੋਇਆ ਔਰਡਰ ਡਲਿਵਰ ਕਰਨ ਲਈ ਆਇਐ। ਕੀ ਤੁਸੀਂ ਇੰਝ ਹੀ ਇਸ ਵੇਲੇ ਕਿਸੇ ਵਾਅਦੇ ਨੂੰ ਧਮਕੀ ਸਮਝਣ ਦੀ ਗ਼ਲਤੀ ਤਾਂ ਨਹੀਂ ਕਰ ਰਹੇ? ਜਿਹੜਾ ਇਸ ਵੇਲੇ ਕਿਸੇ ਡਰਾਉਣੇ ਭਾਵਨਾਤਮਕ ਮਸਲੇ ਵਾਂਗ ਪ੍ਰਤੀਤ ਹੋ ਰਿਹੈ ਉਹ ਦਰਅਸਲ ਸਭ ਤੋਂ ਵੱਧ ਖ਼ੁਸ਼ਆਮਦੀਦ ਕਹਿਣ ਵਾਲੀ ਇੱਕ ਸ਼ਾਨਦਾਰ ਪ੍ਰਗਤੀ ਹੈ।