ਨਵੀਂ ਦਿੱਲੀ – ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ 3 ਅਗਸਤ ਤੋਂ ਵੈੱਸਟ ਇੰਡੀਜ਼ ਦੇ ਦੌਰੇ ਦਾ ਆਗ਼ਾਜ਼ ਕਰੇਗੀ। ਇਸ ਦੌਰੇ ‘ਤੇ ਭਾਰਤੀ ਟੀਮ ਤਿੰਨ T-20, ਤਿੰਨ ਵਨ ਡੇ ਅਤੇ ਦੋ ਟੈੱਸਟ ਮੈਚ ਖੇਡੇਗੀ। ਇਸ ਦੌਰੇ ‘ਤੇ ਚੋਣਕਾਰਾਂ ਨੇ ਵੀ ਨੌਜਵਾਨ ਅਤੇ ਤਜਰਬੇਕਾਰ ਦੋਹੇਂ ਹੀ ਤਰ੍ਹਾਂ ਦੇ ਖਿਡਾਰੀਆਂ ਨੂੰ ਭੇਜਿਆ ਹੈ। T-20 ਲਈ ਨੌਜਵਾਨ ਟੀਮ, ਵਨ ਡੇ ਅਤੇ ਟੈੱਸਟ ਲਈ ਮਜ਼ਬੂਤ ਤਜਰਬੇਕਾਰ ਟੀਮ ਭੇਜੀ ਗਈ ਹੈ। ਇਸ ਤੋਂ ਇਲਾਵਾ ਇਸ ਦੌਰੇ ਦੇ ਬ੍ਰੌਡਕਾਸਟਰ ਸੋਨੀ ਪਿਕਚਰਜ਼ ਨੇ ਆਪਣੇ ਕੌਮੈਂਟਰੀ ਪੈਨਲ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਸੁਨੀਲ ਗਾਵਸਕਰ ਅਤੇ ਵਿਵਿਅਨ ਰਿਚਰਡਜ਼ ਵਰਗੇ ਧਾਕੜ ਸਾਬਕਾ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਨੂੰ ਇਸ ਕੌਮੈਂਟਰੀ ਪੈਨਲ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।
ਸੰਜੇ ਮਾਂਜਰੇਕਰ ਨੂੰ ਝਟਕਾ
ICC ਕ੍ਰਿਕਟ ਵਰਲਡ ਕੱਪ ਦੌਰਾਨ ਸੰਜੇ ਮਾਂਜਰੇਕਰ ਦੀ ਕੌਮੈਂਟਰੀ ਦੀ ਕਾਫ਼ੀ ਆਲੋਚਨਾ ਹੋਈ ਸੀ। ਪ੍ਰਸ਼ੰਸਕਾਂ ਦਾ ਦੋਸ਼ ਸੀ ਕਿ ਸੰਜੇ ਮਾਂਜਰੇਕਰ ਜਾਣਬੁਝ ਕੇ ਧੋਨੀ ਖ਼ਿਲਾਫ਼ ਗੱਲਾਂ ਕਰਦਾ ਹੈ। ਵਰਲਡ ਕੱਪ ਦੌਰਾਨ ਉਸ ਨੇ ਜਡੇਜਾ ਨੂੰ ਵੀ ਕੰਮ ਚਲਾਊ ਕ੍ਰਿਕਟਰ ਦੱਸ ਦਿੱਤਾ ਸੀ। ਇਸ ‘ਤੇ ਜਡੇਜਾ ਭੜਕ ਗਿਆ ਸੀ, ਅਤੇ ਉਸ ਨੇ ਮਾਂਜਰੇਕਰ ਨੂੰ ਬਕਵਾਸ ਬੰਦ ਕਰਨ ਲਈ ਕਿਹਾ ਸੀ। ਉਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਸੁਰਖ਼ੀਆਂ ਵਿੱਚ ਰਿਹਾ ਸੀ। ਹਾਲਾਂਕਿ ਜਡੇਜਾ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਜੇ ਮਾਂਜਰੇਕਰ ਦੀ ਬੋਲਤੀ ਬੰਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਮੰਨਿਆ ਕਿ ਜਡੇਜਾ ਨੇ ਉਸ ਦੇ ਹੋਸ਼ ਉਡਾ ਦਿੱਤੇ। ਅਜਿਹੇ ‘ਚ ਲੱਗ ਰਿਹਾ ਹੈ ਕਿ ਵਿਵਾਦਾਂ ਦੇ ਚਲਦੇ ਸੋਨੀ ਪਿਕਚਰਜ਼ ਨੇ ਮਾਂਜਰੇਕਰ ਨੂੰ ਕੌਮੈਂਟਰੀ ਪੈਨਲ ਵਿੱਚ ਨਹੀਂ ਚੁਣਿਆ। ਹਾਲਾਂਕਿ ਇਹ ਸਿਰਫ਼ ਕਿਆਸ ਹਨ, ਪਰ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੌਰਾਨ ਸੰਜੇ ਮਾਂਜਰੇਕਰ ਸੋਨੀ ਪਿਕਚਰਜ਼ ਦੇ ਕੁਮੈਂਟਰੀ ਪੈਨਲ ਵਿੱਚ ਸ਼ਾਮਿਲ ਸੀ।