ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਵੈੱਸਟ ਇੰਡੀਜ਼ ਦੌਰੇ ਲਈ ਰਵਾਨਾ ਹੋ ਗਈ ਹੈ। ਟੀਮ ਨੂੰ ਇਸ ਦੌਰੇ ‘ਤੇ ਤਿੰਨ T-20, ਤਿੰਨ ਵਨ ਡੇ ਅਤੇ ਦੋ ਟੈੱਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਵੈੱਸਟ ਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੁੰਬਈ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵੀ ਸ਼ਾਸਤਰੀ ਦੇ ਇੱਕ ਜਵਾਬ ਨੇ ਪ੍ਰੈਸ ਕਾਨਫ਼ਰੰਸ ‘ਚ ਮੌਜੂਦ ਸਾਰੇ ਲੋਕਾਂ ਨੂੰ ਹੱਸਣ ‘ਤੇ ਮਜਬੂਰ ਕਰ ਦਿੱਤਾ। ਇੱਥੋਂ ਤਕ ਕਿ ਕਪਤਾਨ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ।
ਦਰਅਸਲ, ਪ੍ਰੈਸ ਕਾਨਫ਼ਰੰਸ ਦੌਰਾਨ ਇੱਕ ਪੱਤਰਕਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਪੁੱਛਿਆ ਸੀ ਕਿ ਕੀ ਕ੍ਰਿਕਟਰਾਂ ਦੀਆਂ ਪਤਨੀਆਂ ਵਿਚਾਲੇ ਲੜਾਈ ਚੱਲ ਰਹੀ ਹੈ? ਹਾਲਾਂਕਿ ਇਹ ਸਵਾਲ ਪੁੱਛਿਆ ਤਾਂ ਵਿਰਾਟ ਕੋਹਲੀ ਤੋਂ ਗਿਆ ਸੀ, ਪਰ ਉਸ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਰਵੀ ਸ਼ਾਸਤਰੀ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸ਼ਾਸਤਰੀ ਨੇ ਜਵਾਬ ਦਿੰਦਿਆਂ ਕਿਹਾ, ”ਜਲਦੀ ਹੀ ਤੁਸੀਂ ਇਹ ਖ਼ਬਰ ਵੀ ਪੜ੍ਹੋਗੇ ਕਿ ਕ੍ਰਿਕਟਰਾਂ ਦੀਆਂ ਪਤਨੀਆਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਨਗੀਆਂ। ਅਜਿਹੇ ‘ਚ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ। ਹਾਲਾਂਕਿ ਵਿਰਾਟ ਕੋਹਲੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਜਿਹੀਆਂ ਖ਼ਬਰਾਂ ਬਕਵਾਸ ਹਨ। ”ਮੈਂ ਵੀ ਅਜਿਹੀਆਂ ਕੁੱਝ ਖ਼ਬਰਾਂ ਪੜ੍ਹੀਆਂ ਹਨ ਜੋ ਬਕਵਾਸ ਹਨ।”
ਕੋਹਲੀ ਨੇ ਅੱਗੇ ਕਿਹਾ, ”ਇਮਾਦਾਰੀ ਨਾਲ ਕਹਾਂ ਤਾਂ ਅਜਿਹੀਆਂ ਖ਼ਬਰਾਂ ਪੜਨਾ ਬਹੁਤ ਬੇਕਾਰ ਲਗਦਾ ਹੈ। ਮੈਂ ਕੁੱਝ ਇੱਕ ਜਨਤਕ ਈਵੈਂਟਸ ਵਿੱਚ ਗਿਆ ਹਾਂ, ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਸ਼ਾਨਦਾਰ ਖੇਡੇ, ਪਰ ਝੂਠ ਪਰੋਸਣ ਦੇ ਚੱਕਰ ਵਿੱਚ ਤੱਥਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਕੁੱਝ ਲੋਕ ਝੂਠ ਨੂੰ ਵਿਸ਼ਵਾਸ ਲਾਇਕ ਬਣਾਉਣ ‘ਚ ਲੱਗੇ ਹਨ।”