ਜੋਹੈਨਸਬਰਗ – ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ। ਇਸ ਦੌਰਾਨ ਦੱਖਣੀ ਅਫ਼ਰੀਕਾ ਇਸ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਭਾਰਤ ਖ਼ਿਲਾਫ਼ ਕਰੇਗਾ। ਇਸ ਨੂੰ ਦੇਖਦੇ ਹੋਏ ਹੁਣ ਦੱਖਣੀ ਅਫ਼ਰੀਕਾ ਦੇ ਕਪਤਾਨ ਫ਼ਾਫ਼ ਦੁਪਲੇਸੀ ਨੇ ਇੱਕ ਬਿਆਨ ਦਿੱਤਾ ਹੈ।
ਉਸ ਨੇ ਪੱਤਰਕਾਰਾਂ ਨੂੰ ਕਿਹਾ, ”ਕੋਈ ਵੀ ਟੀਮ ਆਪਣੇ ਕੈਲੰਡਰ ਸਾਲ ‘ਚ ਇਹੋ ਕਹੇਗੀ ਕਿ ਭਾਰਤ ਦਾ ਦੌਰਾ ਕਿਸੇ ਵੀ ਟੀਮ ਲਈ ਸਭ ਤੋਂ ਮੁਸ਼ਕਿਲ ਦੌਰਾ ਹੁੰਦਾ ਹੈ। ਸਾਡੇ ਲਈ ਭਾਰਤ ਖ਼ਿਲਾਫ਼ ਟੈੱਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਨਾ ਕਾਫ਼ੀ ਮੁਸ਼ਕਿਲ ਹੋਵੇਗਾ।” ਉਸ ਨੇ ਕਿਹਾ ਜੇਕਰ ਤੁਸੀਂ ਟੈੱਸਟ ਕ੍ਰਿਕਟ ਖੇਡਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਰਵਸ੍ਰੇਸ਼ਠ ਟੂਰਨਾਮੈਂਟ ਹੈ। ਜ਼ਿਕਰਯੋਗ ਹੈ ਭਾਰਤ ICC ਟੈੱਸਟ ਰੈਂਕਿੰਗ ‘ਚ ਫ਼ਿਲਹਾਲ ਨੰਬਰ ਇੱਕ ‘ਤੇ ਹੈ। ਉਸ ਤੋਂ ਬਾਅਦ ਨਿਊ ਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਹਨ। ICC ਨੇ ਟੈੱਸਟ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਹੈ ਜਿਸ ‘ਚ ਨੌਂ ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ 27 ਸੀਰੀਜ਼ ਅਤੇ 72 ਮੈਚ ਖੇਡੇ ਜਾਣਗੇ। ਜੋ ਦੋ ਟੀਮਾਂ ਚੋਟੀ ‘ਤੇ ਪਹੁੰਚਣਗੀਆਂ ਉਨ੍ਹਾਂ ਵਿਚਾਲੇ ਜੂਨ 2021 ‘ਚ ਇਸ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ।