ਮੁੰਬਈ – ICC ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਭਾਰਤ ਦੀ ਹਾਰ ਤੋਂ ਹੋਈ ਆਲੋਚਨਾ ਤੋਂ ਬਾਅਦ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਰਵੀ ਸ਼ਾਸਤਰੀ ਟੀਮ ਦਾ ਕੋਚ ਬਣਿਆ ਰਹੇ। ਟੀਮ ਦੇ ਕੋਚਿੰਗ ਸਟਾਫ਼ ਦਾ ਕਰਾਰ ਵਿਸ਼ਵ ਕੱਪ ਤੋਂ ਬਾਅਦ ਖ਼ਤਮ ਹੋ ਗਿਆ ਸੀ, ਪਰ ਉਸ ਨੂੰ 45 ਦਿਨਾਂ ਤਕ ਵਧਾ ਦਿੱਤਾ ਗਿਆ ਹੈ ਜਿਹੜਾ ਵੈੱਸਟ ਇੰਡੀਜ਼ ਦੌਰੇ ਤਕ ਜਾਰੀ ਰਹੇਗਾ। ਕੋਹਲੀ ਨੇ ਇੱਥੇ ਕਿਹਾ, ”CAC (ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਅਤੇ ਐਡਹੌਕ ਕਮੇਟੀ) ਨੇ ਇਸ ਮੁੱਦੇ ‘ਤੇ ਅਜੇ ਤਕ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਰਵੀ ਭਰਾ ਦੇ ਨਾਲ ਸਾਡਾ ਸਾਰਿਆਂ ਦਾ ਤਾਲਮੇਲ ਕਾਫ਼ੀ ਚੰਗਾ ਹੈ ਅਤੇ ਇਸ ਨਾਲ (ਜੇਕਰ ਉਹ ਕੋਚ ਬਣਿਆ ਰਹਿੰਦਾ ਹੈ) ਅਸੀਂ ਕਾਫ਼ੀ ਖ਼ੁਸ਼ ਹੋਵਾਂਗੇ।”
ਸ਼ਾਸਤਰੀ ਅਤੇ ਕੋਹਲੀ ਦੀ ਜੋੜੀ 2016 ‘ਚ T-20 ਵਿਸ਼ਵ ਕੱਪ ਅਤੇ 2019 ਵਨ ਡੇ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ‘ਚ ਨਾਕਾਮ ਰਹੀ, ਪਰ ਇਸ ਦੌਰਾਨ ਭਾਰਤ ਨੇ ਆਸਟਰੇਲੀਆ ‘ਚ ਪਹਿਲੀ ਵਾਰ ਟੈੱਸਟ ਸ਼ੀਰੀਜ਼ ‘ਚ ਜਿੱਤ ਦਰਜ ਕੀਤੀ ਅਤੇ ਟੀਮ ਟੈੱਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਪਹੁੰਚੀ। ਸ਼ਾਸਤਰੀ ਜੂਨ 2016 ਤਕ ਭਾਰਤੀ ਟੀਮ ਦਾ ਨਿਰਦੇਸ਼ਕ ਸੀ, ਪਰ T-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ‘ਚ ਹਾਰ ਤੋਂ ਬਾਅਦ ਉਸ ਦਾ ਕਰਾਰ ਖ਼ਤਮ ਕਰ ਦਿੱਤਾ ਗਿਆ ਸੀ।