ਨਵੀਂ ਦਿੱਲੀ— ਅਯੁੱਧਿਆ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਰੋਜ਼ਾਨਾ ਸੁਣਵਾਈ ਮੰਗਲਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਮਾਮਲੇ ‘ਚ ਚੀਫ ਜਸਟਿਸ ਸਮੇਤ 5 ਜੱਜਾਂ ਦੀ ਸੰਵਿਧਾਨਕ ਬੈਂਚ ਸੁਣਵਾਈ ਕਰ ਰਹੀ ਹੈ। ਸੁਣਵਾਈ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਨਿਰਮੋਹੀ ਅਖਾੜਾ ਨੇ ਆਪਣਾ ਪੱਖ ਰੱਖਿਆ। ਜਿਸ ਤੋਂ ਬਾਅਦ ਕੋਰਟ ਵਿਚ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ। ਨਿਰਮੋਹੀ ਅਖਾੜਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ 1934 ਤੋਂ ਹੀ ਕਿਸੇ ਮੁਸਲਮਾਨ ਨੂੰ ਰਾਮ ਜਨਮ ਭੂਮੀ ‘ਚ ਐਂਟਰੀ ਦੀ ਆਗਿਆ ਨਹੀਂ ਸੀ ਅਤੇ ਉਸ ‘ਤੇ ਸਿਰਫ ਨਿਰਮੋਹੀ ਅਖਾੜਾ ਦਾ ਕੰਟਰੋਲ ਸੀ। ਨਿਰਮੋਹੀ ਅਖਾੜਾ ਦਾ ਪੱਖ ਰੱਖ ਰਹੇ ਸੀਨੀਅਰ ਵਕੀਲ ਸੁਸ਼ੀਲ ਜੈਨ ਨੇ ਦੱਸਿਆ ਕਿ ਉਹ ਖੇਤਰ ‘ਤੇ ਕੰਟਰੋਲ ਅਤੇ ਉਸ ਦੇ ਪ੍ਰਬੰਧਨ ਦਾ ਅਧਿਕਾਰ ਚਾਹੁੰਦੇ ਹਨ। ਇਸ ਦੇ ਨਾਲ ਹੀ ਵਕੀਲ ਨੇ ਦੱਸਿਆ ਕਿ ਸੈਂਕੜੇ ਸਾਲਾਂ ਰਾਮ ਜਨਮ ਭੂਮੀ ‘ਤੇ ਅਖਾੜਾ ਦਾ ਕੰਟਰੋਲ ਸੀ। ਸੀਨੀਅਰ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਬਾਹਰੀ ਕੰਪਲੈਕਸ ਜਿਸ ਵਿਚ ਸੀਤਾ ਰਸੋਈ, ਚਬੂਤਰਾ, ਭੰਡਾਰ ਗ੍ਰਹਿ ਹੈ, ਉਹ ਸਾਡੇ ਕੰਟਰੋਲ ਵਿਚ ਸਨ ਅਤੇ ਕਿਸੇ ਮਾਮਲੇ ਵਿਚ ਉਨ੍ਹਾਂ ‘ਤੇ ਕੋਈ ਵਿਵਾਦ ਨਹੀਂ ਸੀ। ਨਿਰਮੋਹੀ ਅਖਾੜਾ ਨੇ ਕੋਰਟ ਨੂੰ ਕਿਹਾ ਕਿ ਸਾਡੇ ਤੋਂ ਪੂਜਾ ਦਾ ਅਧਿਕਾਰ ਖੋਹ ਲਿਆ ਗਿਆ ਹੈ।
ਇੱਥੇ ਦੱਸ ਦੇਈਏ ਕਿ ਅਯੁੱਧਿਆ ਕੇਸ ਨੂੰ ਲੈ ਕੇ ਬੈਂਚ ਨੇ ਤਿੰਨ ਮੈਂਬਰੀ ਵਿਚੋਲਗੀ ਪੈਨਲ ਦੀ ਰਿਪੋਰਟ 2 ਅਗਸਤ ਨੂੰ ਦੇਖੀ ਸੀ। ਕਰੀਬ 4 ਮਹੀਨੇ ਤਕ ਚਲੀ ਵਿਚੋਲਗੀ ਦੀ ਕਾਰਵਾਈ ਵਿਚ ਕੋਈ ਆਖਰੀ ਹੱਲ ਨਹੀਂ ਨਿਕਲਿਆ। ਵਿਚੋਲਗੀ ਪੈਨਲ ਦੀ ਪ੍ਰਧਾਨਗੀ ਜਸਟਿਸ ਐੱਫ. ਐੱਮ. ਆਈ. ਕਲੀਫੁੱਲਾ ਕਰ ਰਹੇ ਸਨ। ਨਾਲ ਹੀ ਇਸ ਵਿਚ ਆਰਟ ਆਫ ਲਿਵਿੰਗ ਦੇ ਸੰਸਥਾਪਕ ਅਤੇ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਨ ਵਕੀਲ ਸ਼੍ਰੀਰਾਮ ਪਾਂਚੂ ਨੇ ਵੀਰਵਾਰ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਹਿੰਦੂ ਅਤੇ ਮੁਸਲਿਮ ਪੱਖ ਇਸ ਪੇਚੀਦਾ ਵਿਵਾਦ ਦਾ ਹੱਲ ਲੱਭਣ ਵਿਚ ਸਫਲ ਨਹੀਂ ਰਹੇ।