ਨਵੀਂ ਦਿੱਲੀ—ਉਨਾਵ ਜਬਰ ਜ਼ਨਾਹ ਮਾਮਲੇ ‘ਚ ਪੀੜਤਾ ਦਾ ਦਿੱਲੀ ਦੇ ਏਮਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਪੀੜਤਾ ਦੀ ਮਾਂ ਨੇ ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨਾਲ ਮੁਲਾਕਾਤ ਕੀਤੀ। ਮਾਲੀਵਾਲ ਨੇ ਪੀੜਤਾ ਦੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉਨਾਵ ਜਬਰ ਜ਼ਨਾਹ ਪੀੜਤਾ ਨੂੰ ਵਧੀਆ ਇਲਾਜ ਲਈ ਸੋਮਵਾਰ ਦਿੱਲੀ ਦੇ ਏਮਸ ਹਸਪਤਾਲ ‘ਚ ਲਿਆਂਦਾ ਗਿਆ ਸੀ ਫਿਲਹਾਲ ਪੀੜਤਾ ਏਮਸ ਦੇ ਟ੍ਰਾਮਾ ਸੈਂਟਰ ‘ਚ ਭਰਤੀ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਸਵਾਤੀ ਮਾਲੀਵਾਲ ਨੇ ਲਖਨਊ ‘ਚ ਪੀੜਤਾ ਦੀ ਮਾਂ ਨਾਲ ਮੁਲਾਕਾਤ ਕੀਤੀ ਸੀ। ਮਾਲੀਵਾਲ ਨੇ ਕਿਹਾ ਕਿ ਇਸ ਲੜਾਈ ‘ਚ ਮੈਂ ਇਕੱਲੀ ਹੀ ਨਹੀਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਸਵਾਤੀ ਮਾਲੀਵਾਲ ਨੇ ਪਰਿਵਾਰਿਕ ਮੈਂਬਰਾਂ ਨੂੰ ਪੀੜਤਾ ਦੀ ਸੁਰੱਖਿਆ ਅਤੇ ਵਧੀਆ ਇਲਾਜ ਲਈ ਭਰੋਸਾ ਵੀ ਦਿੱਤਾ ਹੈ।