ਅੰਮ੍ਰਿਤਸਰ : ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਨੇ ਬਿਨਾਂ ਸ਼ੱਕ ਵਿਧਾਨ ਸਭਾ ਸੈਸ਼ਨ ਤੋਂ ਦੂਰੀ ਬਣਾਈ ਰੱਖੀ ਪਰ ਆਪਣੀ ਕੋਠੀ ‘ਚ ਵਰਕਰਾਂ ਅਤੇ ਹਮਾਇਤੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਉਨ੍ਹਾਂ ਜਾਰੀ ਰੱਖਿਆ। ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਵੀ ਸਿੱਧੂ ਦੇ ਹਮਾਇਤੀ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਆਪਣੀ ਕੋਠੀ ‘ਚ ਸਿੱਧੂ ਹਲਕੇ ਦੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕੀਤਾ।
ਸਿੱਧੂ ਦੇ ਅਗਲੇ ਪਲਾਨ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਕਿਵੇਂ ਨਵਜੋਤ ਸਿੱਧੂ ਵਾਰਡ ਪੱਧਰ ‘ਤੇ ਇਕ ਆਗਰੇਨਾਈਜ਼ੇਸ਼ਨ ਤਿਆਰ ਕਰ ਰਹੇ ਹਨ, ਜੋ ਉਨ੍ਹਾਂ ਦੀ ਗੈਰਹਾਜ਼ਰੀ ‘ਚ ਵੀ ਕੰਮ ਕਰਦੀ ਰਹੇਗੀ। ਦੂਜੇ ਪਾਸੇ ਭਾਵੇਂ ਨਵਜੋਤ ਸਿੱਧੂ ਵਲੋਂ ਆਪਣੇ ਹਮਾਇਤੀਆਂ ਅਤੇ ਪਾਰਟੀ ਲੀਡਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਜਾਰੀ ਹੈ ਪਰ ਉਹ ਅਜੇ ਤਕ ਮੀਡੀਆ ਦੇ ਰੂ-ਬ-ਰੂ ਨਹੀਂ ਹੋਏ ਹਨ। ਸਿੱਧੂ ਹਿਮਾਇਤੀਆਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿੱਧੂ ਮੀਡੀਆ ਸਾਹਮਣੇ ਆਉਣਗੇ।