ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਗਾੜੀ ਮਾਮਲੇ ‘ਤੇ ਸੀ. ਬੀ. ਆਈ. ਵਲੋਂ ਪੇਸ਼ ਕੀਤੇ ਕਲੋਜ਼ਰ ਰਿਪੋਰਟ ‘ਤੇ ਸਖਤ ਰੁਖ ਅਪਣਾਇਆ ਗਿਆ ਹੈ। ਉਨ੍ਹਾਂ ਨੇ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ। ਕੈਪਟਨ ਨੇ ਕਿਹਾ ਕਿ ਸੀ. ਬੀ. ਆਈ. ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਨਵਰੀ, 2019 ‘ਚ ਸੁਣਾਏ ਗਏ ਫੈਸਲੇ ਖਿਲਾਫ ਰਿਪੋਰਟ ਦਾਇਰ ਕਰਨ ਦਾ ਕੋਈ ਹੱਕ ਨਹੀਂ ਹੈ।
ਬਰਗਾੜੀ ਮਾਮਲੇ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਾ ਮਿਲਣ ਦਾ ਦੋਸ਼ੀ ਕੈਪਟਨ ਨੇ ਅਕਾਲੀ ਦਲ ਨੂੰ ਠਹਿਰਾਇਆ। ਕੈਪਟਨ ਨੇ ਮੰਗਲਵਾਰ ਨੂੰ ਵਿਧਾਨ ਸਭਾ ‘ਚ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਹੀ ਇਸ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਤਾਂ ਕਿ ਜਾਂਚ ‘ਚ ਦੇਰੀ ਕੀਤੀ ਜਾ ਸਕੇ ਅਤੇ ਹੁਣ ਸੀ. ਬੀ. ਆਈ. ਦੀ ਜਾਂਚ ਬੰਦ ਕਰਕੇ ਕਾਹਲੀ ‘ਚ ਕਲੋਜ਼ਰ ਰਿਪੋਰਟ ਦਾਖਲ ਕਰਨ ਲਈ ਦਬਾਅ ਪਾਇਆ।