ਪੇਸ਼ਾਵਰ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ‘ਤੇ ਪਾਕਿਸਤਾਨ ਨੇ ਵੀ ਅਫਸੋਸ ਪ੍ਰਗਟਾਇਆ ਹੈ। ਗੁਆਂਢੀ ਦੇਸ਼ ਦੇ ਵਿਗਿਆਨ ਅਤੇ ਉਦਯੋਗਿਕ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਵੱਖਰੇ ਤਰੀਕੇ ‘ਚ ਸੁਸ਼ਮਾ ਸਵਰਾਜ ਨੂੰ ਯਾਦ ਕੀਤਾ। ਹੁਸੈਨ ਨੇ ਲਿਖਿਆ,”ਸੁਸ਼ਮਾ ਸਵਰਾਜ ਦੇ ਪਰਿਵਾਰ ਨੂੰ ਮੇਰੀ ਹਮਦਰਦੀ। ਮੈਂ ਉਨ੍ਹਾਂ ਨਾਲ ਟਵਿੱਟਰ ‘ਤੇ ਹੋਈ ਬਹਿਸ ਨੂੰ ਬਹੁਤ ਯਾਦ ਕਰਾਂਗਾ। ਉਹ ਆਪਣੇ ਅਧਿਕਾਰਾਂ ਨੂੰ ਲੈ ਕੇ ਬਹੁਤ ਸਪੱਸ਼ਟ ਸੀ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”
ਮੰਤਰੀ ਫਵਾਦ ਖਾਨ ਦੇ ਇਸ ਬਿਆਨ ਮਗਰੋਂ ਸੋਸ਼ਲ ਮੀਡੀਆ ‘ਤੇ ਮੰਤਰੀ ਫਵਾਦ ਖਾਨ ਅਤੇ ਸੁਸ਼ਮਾ ਸਵਰਾਜ ਵਿਚਕਾਰ ਬਹਿਸ ਦੇ ਟਵੀਟ ਤੇਜ਼ੀ ਨਾਲ ਵਾਇਰਲ ਹੋਣ ਲੱਗੇ ਹਨ। ਜ਼ਿਕਰਯੋਗ ਹੈ ਕਿ ਸੁਸ਼ਮਾ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 4 ਵਜੇ ਲੋਧੀ ਰੋਡ ਦੇ ਸ਼ਮਸ਼ਾਨ ਘਾਟ ‘ਤੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ‘ਤੇ ਬੰਗਲਾਦੇਸ਼, ਇਜ਼ਰਾਇਲ, ਮਾਲਦੀਵ, ਫਰਾਂਸ ਦੇ ਨੇਤਾਵਾਂ ਨੇ ਵੀ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਰੋ ਪਏ।