ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਦੀ ਦਿੱਗਜ਼ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਲੋਧੀ ਰੋਡ ਸਥਿਤ ਇਲੈਕਟ੍ਰਿਕ ਸ਼ਮਸ਼ਾਨ ਘਾਟ ਵਿਚ ਰਾਜਕੀ ਸਨਮਾਨ ਨਾਲ ਕੀਤਾ ਗਿਆ। ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਨੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਇਸ ਸਮੇਂ ਉਸ ਨਾਲ ਪਿਤਾ ਸਵਰਾਜ ਕੌਸ਼ਲ ਵੀ ਮੌਜੂਦ ਰਹੇ। ਸੁਸ਼ਮਾ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਕੀਤਾ ਗਿਆ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਸੀ। ਸ਼ੁਸ਼ਮਾ ਦੇ ਪਤੀ ਅਤੇ ਧੀ ਨੇ ਸੈਲਿਊਟ ਕਰ ਦੇ ਉਨ੍ਹਾਂ ਨੂੰ ਵਿਦਾਈ ਦਿੱਤੀ।
ਸੁਸ਼ਮਾ ਸਵਰਾਜ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਪੀ.ਐੱਮ. ਮੋਦੀ, ਅਮਿਤ ਸ਼ਾਹ ਸਮੇਤ ਸਰਕਾਰ ਦੇ ਕਈ ਵੱਡੇ ਨੇਤਾ ਪਹੁੰਚੇ। ਬੀਜੇਪੀ ਦਫਤਰ ਵਿਚੋਂ ਬਾਹਰ ਲਿਜਾਂਦੇ ਹੋਏ ਰਾਜਨਾਥ ਸਿੰਘ, ਜੇ.ਪੀ. ਨੱਡਾ, ਰਵੀਸ਼ੰਕਰ ਪ੍ਰਸ਼ਾਦ, ਪੀਯੂਸ਼ ਗੋਇਲ ਨੇ ਸੁਸ਼ਮਾ ਦੀ ਅਰਥੀ ਨੂੰ ਮੋਢਾ ਦਿੱਤਾ।
ਇਨ੍ਹਾਂ ਦੇ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਲਾਲ ਕ੍ਰਿਸ਼ਨ ਅਡਵਾਨੀ ਸਮਿਰਤੀ ਈਰਾਨੀ, ਭਗਵੰਤ ਮਾਨ, ਮਨੀਸ਼ ਸਿਸੋਦੀਆ, ਸ਼ਰਦ ਯਾਦਵ, ਅਸ਼ੋਕ ਗਹਿਲੋਤ, ਬਿਪਲਬ ਦੇਵ, ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਸਨ।
ਉਨ੍ਹਾਂ ਦੇ ਪਰਿਵਾਰ ਵਿਚ ਪਤੀ ਸਵਰਾਜ ਕੌਸ਼ਲ ਅਤੇ ਇਕ ਧੀ ਬਾਂਸੁਰੀ ਸਵਰਾਜ ਹੈ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿਚ ਆਪਣਾ ਆਖਰੀ ਸਾਹ ਲਿਆ। ਉਹ 67 ਸਾਲ ਦੀ ਸੀ। ਇਸ ਮੌਕੇ ਭਾਜਪਾ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ।
ਸੁਸ਼ਮਾ ਦੇ ਦਿਹਾਂਤ ‘ਤੇ ਦੇਸ਼ ਅਤੇ ਦੁਨੀਆ ਦੇ ਵੱਡੇ ਨੇਤਾਵਾਂ ਨੇ ਦੁੱਖ ਜ਼ਾਹਰ ਕੀਤਾ ਹੈ।