ਮਾਂ ਦਾ ਦੁੱਧ ਕੁਦਰਤ ਦੀ ਵੱਡਮੁਲੀ ਦਾਤ ਹੈ ਜੋ ਨਵਜਨਮੇ ਬਾਲ ਨੂੰ ਪੌਸ਼ਟਿਕਤਾ ਪ੍ਰਦਾਨ ਕਰਦਾ ਹੈ ਅਤੇ ਛੂਤ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਜਨਮ ਤੋਂ ਬਾਅਦ ਜੀਵਨ ਦੇ ਪਹਿਲੇ ਕੁੱਝ ਮਹੀਨਿਆਂ ਵਿੱਚ ਬੱਚੇ ਦੇ ਸ਼ਰੀਰ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਹ ਵਿਕਾਸ ਠੀਕ ਤਰ੍ਹਾਂ ਹੋਣ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਚੰਗੀ ਪੌਸ਼ਟਿਕ ਖ਼ੁਰਾਕ ਦਿੱਤੀ ਜਾਵੇ। ਜਨਮ ਤੋਂ ਬਾਅਦ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਹੀ ਬੱਚੇ ਦੀ ਸੰਪੂਰਨ ਖ਼ੁਰਾਕ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਹਲਕੇ ਪੀਲੇ ਰੰਗ ਦਾ ਗਾੜ੍ਹਾ ਦੁੱਧ ਉਤਰਦਾ ਹੈ ਜਿਸ ਨੂੰ ਕੋਲੈਸਟ੍ਰੋਮ ਜਾਂ ਬਹੁਲਾ ਦੁੱਧ ਆਖਦੇ ਹਨ। ਪ੍ਰਸੂਤ ਤੋਂ ਬਾਅਦ ਪਹਿਲੇ ਹਫ਼ਤੇ ਨਿਕਲਣ ਵਾਲਾ ਦੁੱਧ, ਬਾਅਦ ਦੇ ਦੁੱਧ ਨਾਲੋਂ ਵੱਧ ਪੌਸ਼ਟਿਕ ਹੁੰਦਾ ਹੈ। ਗਰਭ ਅਵਸਥਾ ਦੌਰਾਨ ਬੱਚਾ ਮਾਂ ਦੇ ਪੇਟ ਵਿੱਚ ਸੁਰੱਖਿਅਤ ਵਾਤਾਵਰਣ ਵਿੱਚ ਪਲਦਾ ਹੈ, ਪਰ ਜਨਮ ਤੋਂ ਬਾਅਦ ਬੱਚੇ ਨੂੰ ਕਈ ਤਰ੍ਹਾਂ ਦੀਆਂ ਲਾਗ ਦੀਆਂ ਬਿਮਾਰੀਆਂ ਅਤੇ ਐਲਰਜੀ ਹੋਣ ਦਾ ਡਰ ਹੁੰਦਾ ਹੈ। ਕੋਲੈਸਟ੍ਰੋਮ ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਖ਼ਤਰਨਾਕ ਬਿਮਾਰੀਆਂ ਜਿਵੇਂ ਕਿ ਨਮੂਨੀਆਂ, ਦਸਤ ਆਦਿ ਤੋਂ ਬਚਾਉਂਦਾ ਹੈ। ਇਸ ਵਿੱਚ ਵਾਇਟਾਮਿਨ A ਦੀ ਮਾਤਰਾ ਵੀ ਵੱਧ ਹੁੰਦੀ ਹੈ।
ਆਮ ਤੌਰ ‘ਤੇ ਰਿਵਾਜ਼ ਹੈ ਕਿ ਬੱਚੇ ਨੂੰ ਜਨਮ ਤੋਂ ਬਾਅਦ ਚੀਨੀ ਦਾ ਪਾਣੀ, ਸ਼ਹਿਦ ਜਾਂ ਕੁੱਝ ਹੋਰ ਗੁੜ੍ਹਤੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਇਹ ਠੀਕ ਆਦਤ ਨਹੀਂ ਸਗੋਂ ਗੁੜ੍ਹਤੀ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਬੱਚੇ ਨੂੰ ਕੋਲੈਸਟ੍ਰੋਮ ਦਿੱਤਾ ਜਾਵੇ। ਆਮ ਤੌਰ ‘ਤੇ ਇਸ ਦੁੱਧ ਨੂੰ ਖ਼ਰਾਬ ਜਾਂ ਜੰਮਿਆ ਹੋਇਆ ਸਮਝ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਦੁੱਧ ਵਿੱਚ ਗਲੋਬੂਲਿਨ ਪ੍ਰੋਟੀਨ ਹੁੰਦੀ ਹੈ। ਇਸ ਦੁੱਧ ਨੂੰ ਪੀ ਕੇ ਬੱਚੇ ਦੀ ਪਾਚਨ ਕ੍ਰਿਆ ਤੇਜ਼ ਹੁੰਦੀ ਹੈ ਅਤੇ ਗੰਦਗੀ ਬਾਹਰ ਨਿਕਲਦੀ ਹੈ। ਇਸ ਦੇ ਨਾਲ ਬੱਚੇ ਵਿੱਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਵੀ ਵਧਦੀ ਹੈ। ਮਾਂ ਦਾ ਦੁੱਧ ਇੱਕ ਸੰਪੂਰਨ ਸੰਤੁਲਿਤ ਆਹਾਰ ਹੈ ਅਤੇ ਜਨਮ ਅਤੇ ਪਹਿਲੇ ਕੁੱਝ ਮਹੀਨਿਆਂ ਵਿੱਚ ਬੱਚੇ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਇਸ ਲਈ ਪਹਿਲੇ ਛੇ ਮਹੀਨੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ। ਮਾਂ ਦੇ ਦੁੱਧ ਨਾਲ ਬੱਚੇ ਨੂੰ ਪਾਣੀ ਪਿਲਾਉਣ ਦੀ ਵੀ ਲੋੜ ਨਹੀਂ ਹੁੰਦੀ। ਜਨਮ ਤੋਂ ਇੱਕ ਘੰਟੇ ਦੌਰਾਨ ਹੀ ਬੱਚੇ ਨੂੰ ਮਾਂ ਦਾ ਦੁੱਧ ਪਿਲਾਓ।
ਨਵਜਨਮੇ ਬਾਲ ਨੂੰ ਮਾਂ ਦੇ ਨਾਲ ਹੀ ਪਾਓ ਇਸ ਨਿੱਘ ਤਰ੍ਹਾਂ ਬੱਚੇ ਨੂੰ ਮਾਂ ਦਾ ਪ੍ਰਾਪਤ ਹੁੰਦਾ ਹੈ, ਅਤੇ ਉਹ ਬਾਰ-ਬਾਰ ਮਾਂ ਦਾ ਦੁੱਧ ਚੁੰਘ ਸਕਦਾ ਹੈ, ਅਤੇ ਬੱਚੇ ਦੁਆਰਾ ਬਾਰ-ਬਾਰ ਛਾਤੀ ਚੁੰਘਣ ਨਾਲ ਦੁੱਧ ਦੀ ਮਾਤਰਾ ਵੱਧ ਨਿਕਲਦੀ ਹੈ। ਗਰਭ ਅਵਸਥਾ ਦੇ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੁਆਰਾ ਖਾਧੀ ਗਈ ਖ਼ੁਰਾਕ ਦੁੱਧ ਦੀ ਪੌਸ਼ਟਿਕਤਾ ਅਤੇ ਮਾਤਰਾ ਨੂੰ ਪੂਰਾ ਰੱਖਣ ਵਿੱਚ ਮਦਦ ਦਿੰਦੀ ਹੈ।
ਮਾਂ ਦੇ ਦੁੱਧ ਦੇ ਲਾਭ
ਬੱਚੇ ਦੇ ਦੁੱਧ ਪੀਣ ਨਾਲ ਮਾਂ ਦੀ ਛਾਤੀ ਉਤੇਜਿਤ ਹੁੰਦੀ ਹੈ ਅਤੇ ਬੱਚੇਦਾਨੀ ਆਪਣੇ ਆਪ ਸੁੰਗੜਨ ਲੱਗਦੀ ਹੈ। ਇਸ ਤਰ੍ਹਾਂ ਮਾਂ ਦੇ ਸ਼ਰੀਰ ਦਾ ਆਕਾਰ ਛੇਤੀ ਹੀ ਨੌਰਮਲ ਸਥਿਤੀ ਵਿੱਚ ਆ ਜਾਂਦਾ ਹੈ।
ਦੁੱਧ ਚੁੰਘਾਉਣ ਨਾਲ ਮਾਂ ਦੀਆਂ ਛਾਤੀਆਂ ਬੇਡੌਲ ਨਹੀਂ ਹੁੰਦੀਆਂ।
ਗਰਭ ਅਵਸਥਾ ਦੌਰਾਨ ਵਾਧੂ ਜਮ੍ਹਾ ਹੋਈ ਊਰਜਾ ਬੱਚੇ ਦੁਆਰਾ ਖਿੱਚੀ ਜਾਂਦੀ ਹੈ ਜਿਸ ਕਰ ਕੇ ਮਾਂ ਦੀ ਸਹਿਤ ਠੀਕ ਰਹਿੰਦੀ ਹੈ, ਅਤੇ ਉਹ ਮੋਟਾਪੇ ਤੋਂ ਬਚ ਜਾਂਦੀ ਹੈ।
ਖੋਜਕਾਰਾਂ ਨੇ ਇਹ ਸਾਬਿਤ ਕੀਤਾ ਹੈ ਕਿ ਆਪਣਾ ਦੁੱਧ ਪਿਆਉਣ ਨਾਲ ਮਹਿਲਾਵਾਂ ਦਾ ਛਾਤੀ ਅਤੇ ਅੰਡਕੋਸ਼ ਦੇ ਕੈਂਸਰ ਤੋਂ ਬਚਾਅ ਹੋ ਸਕਦਾ ਹੈ।
ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਬਾਕੀ ਦੁੱਧ ਵਿਕਲਪਾਂ ਤੋਂ ਜ਼ਿਆਦਾ ਸਸਤਾ ਪੈਂਦਾ ਹੈ। ਇਸ ਨੂੰ ਤਿਆਰ ਕਰਨ ਲਈ ਕੋਈ ਸਮਾਂ ਨਹੀਂ ਲੱਗਦਾ, ਅਤੇ ਇਸ ਕਾਰਨ ਮਾਂ ਦੇ ਸਮੇਂ ਅਤੇ ਸ਼ਕਤੀ ਦੀ ਬੱਚਤ ਹੁੰਦੀ ਹੈ।
ਬੱਚੇ ਨੂੰ ਦੁੱਧ ਪਿਲਾ ਕੇ ਮਾਂ ਨੂੰ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਦੁੱਧ ਰਾਹੀਂ ਬੱਚੇ ਨੂੰ ਉਹ ਚੀਜ਼ ਦੇ ਸਕਦੀ ਹੈ ਜੋ ਕੋਈ ਹੋਰ ਨਹੀਂ ਦੇ ਸਕਦਾ।
ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਉਲਟੀਆਂ, ਟੱਟੀਆਂ, ਆਦਿ ਘੱਟ ਲੱਗਦੀਆਂ ਹਨ।
ਸੂਰਜਵੰਸ਼ੀ