ਧਰਤੀ ਉੱਪਰ ਜਿੰਨੇ ਵੀ ਪੇੜ-ਪੌਦੇ ਅਤੇ ਜਿੰਨੀਆਂ ਵੀ ਜੜ੍ਹੀਆਂ-ਬੂਟੀਆਂ ਹਨ, ਕੁਦਰਤ ਨੇ ਸਭ ਵਿੱਚ ਹੀ ਕੋਈ ਨਾ ਕੋਈ ਗੁਣ ਪਾਇਆ ਹੈ, ਭਾਵ ਸਾਨੂੰ ਵਿਖਾਈ ਦੇਣ ਵਾਲੀ ਸਮੂਹ ਹਰਿਆਲੀ ਕੁਦਰਤੀ ਔਸ਼ਧੀ ਹੈ। ਅੱਜ ਅਸੀਂ ਗੱਲ ਕਰਾਂਗੇ ਨਿੰਮ ਵਰਗੇ ਅਤਿ ਗੁਣਕਾਰੀ ਦਰਖ਼ਤ ਦੀ ਜਿਸ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤਕ ਗੁਣ ਹੀ ਗੁਣ ਹਨ। ਨਿੰਮ ਦੇ ਫ਼ੱਲ, ਪੱਤੇ-ਫੁੱਲ, ਜੜ੍ਹ, ਆਦਿ ਸਾਰੀਆਂ ਚੀਜ਼ਾਂ ਹੀ ਆਯੂਰਵੈਦਿਕ ਗੁਣਾਂ ਨਾਲ ਭਰਪੂਰ ਹਨ। ਅਮਰੀਕੀ ਡਾਕਟਰਾਂ ਨੇ ਤਾਂ ਇਥੋਂ ਤਕ ਸਿੱਧ ਕਰ ਦਿੱਤਾ ਹੈ ਕਿ ਨਿੰਮ ਅੰਦਰ ਸਾਡੇ ਸ਼ਰੀਰ ਵਿਚਲੇ ਦੋ ਸੌ ਤਰ੍ਹਾਂ ਦੇ ਕੀਟਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਮੌਜੂਦ ਹੈ। ਨਿੰਮ ਚਮੜੀ ਰੋਗਾਂ ਲਈ ਮਹਾਂ ਵਿਨਾਸ਼ਕਾਰੀ ਸਾਬਿਤ ਹੋਈ ਹੈ। ਖ਼ੂਨ ਵਿੱਚ ਸ਼ੁੱਧਤਾ ਲਈ ਇਹ ਮਹਾਂ ਦਵਾਈ ਹੈ। ਪੁਰਾਤਨ ਗ੍ਰੰਥਾਂ ਵਿੱਚ ਤਾਂ ਨਿੰਮ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ। ਨਿੰਮ ਜਿਥੇ ਸ਼ਰੀਰ ਦੇ ਖ਼ੂਨ ਦੀ ਸਫ਼ਾਈ ਕਰਦੀ ਹੈ ਉਥੇ ਬਵਾਸੀਰ, ਧਾਤੂ ਰੋਗ, ਦਮਾ, ਖਾਂਸੀ, ਛਾਤੀ ਵਿਚਲਾ ਦਰਦ, ਇਥੋਂ ਤਕ ਕਿ ਕੋਹੜ ਨੂੰ ਮਿਟਾਉਣ ਦੀ ਸਮਰੱਥਾ ਵੀ ਰੱਖਦੀ ਹੈ। ਹੋਰ ਤਾਂ ਹੋਰ ਜਿਸ ਘਰ ਵਿੱਚ ਨਿੰਮ ਦਾ ਦਰਖ਼ਤ ਲੱਗਿਆ ਹੁੰਦਾ ਹੈ ਉਸ ਘਰ ਦਾ ਆਲਾ-ਦੁਆਲਾ ਸਾਫ਼ ਰਹਿੰਦਾ ਹੈ। ਆਓ! ਨਿੰਮ ਤੋਂ ਆਯੂਰਵੈਦਿਕ ਤਰੀਕਿਆਂ ਰਾਹੀਂ ਕੁੱਝ ਨੁਸਖ਼ੇ ਤਿਆਰ ਕਰ ਕੇ ਸ਼ਰੀਰਕ ਰੋਗਾਂ ਤੋਂ ਮੁਕਤੀ ਪਾਈਏ।
ਸਿਰ ਦੀਆਂ ਜੂੰਆਂ: ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਨਾਲ ਸਿਰ ਧੋਣ ਨਾਲ ਸਿਰ ਦੀਆਂ ਜੂੰਆਂ ਖ਼ਤਮ ਹੋ ਜਾਂਦੀਆਂ ਹਨ।
ਅੱਧਾ ਸਿਰ ਦਾ ਦਰਦ: ਨਿੰਮ ਦੀਆਂ ਪੱਤੀਆਂ 25 ਗ੍ਰਾਮ, ਕਾਲੀ ਮਿਰਚ 25 ਗ੍ਰਾਮ, ਚਾਵਲ 25 ਗ੍ਰਾਮ। ਤਿੰਨਾਂ ਨੂੰ ਘੋਟ ਕੇ ਪੀਸ ਕੇ ਨਸਵਾਰ ਬਣਾ ਲਉ। ਸਵੇਰੇ-ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇੱਕ ਚੁਟਕੀ ਨਸਵਾਰ ਨੱਕ ਰਾਹੀਂ ਅੰਦਰ ਨੂੰ ਖਿੱਚੋ। ਆਯੂਰਵੈਦਾ ਮੁਤਾਬਿਕ, ਇੱਕ ਹਫ਼ਤੇ ਦੇ ਅੰਦਰ ਹੀ ਅੱਧਾ ਸਿਰ ਦਾ ਦਰਦ ਬਿਲਕੁਲ ਬੰਦ ਹੋ ਜਾਵੇਗਾ।
ਸ਼ਰੀਰਕ ਦਾਗ਼ਾਂ ਲਈ: ਇੱਕ ਕਿੱਲੋ ਨਿੰਮ ਦੇ ਪੱਤਿਆਂ ਦਾ ਰਸ, 250 ਗ੍ਰਾਮ ਸਰ੍ਹੋਂ ਦਾ ਤੇਲ, ਅੱਕ ਦਾ ਦੁੱਧ, ਲਾਲ ਕਨੇਰ ਦੀ ਜੜ੍ਹ ਅਤੇ ਕਾਲੀ ਮਿਰਚ ਪੰਜ ਗ੍ਰਾਮ ਲੈ ਕੇ ਹਲਕੀ ਅੱਗ ‘ਤੇ ਪਕਾਓ। ਫ਼ਿਰ ਬਰਤਨ ਵਿੱਚ ਠੰਢਾ ਕਰ ਕੇ ਰੱਖੋ। ਇਸ ਦੀ ਕੁੱਝ ਦਿਨਾਂ ਬਾਅਦ ਵਰਤੋਂ ਕਰਨ ਨਾਲ ਸ਼ਰੀਰਕ ਦਾਗ ਦੂਰ ਹੋ ਜਾਂਦੇ ਹਨ ਅਤੇ ਸ਼ਰੀਰ ਨਿੱਕੀਆਂ ਮੋਟੀਆਂ ਫ਼ਿਨਸੀਆਂ ਤੋਂ ਮੁਕਤ ਹੋ ਜਾਂਦਾ ਹੈ।
ਖਾਰਿਸ਼ ਅਤੇ ਖੁਜ਼ਲੀ: ਗੰਧਕ ਅਤੇ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਹਰ ਰੋਜ਼ ਨਹਾਉਣ ਨਾਲ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ।
ਪੇਟ ਦੇ ਕੀੜੇ: ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਪੀਣ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ।
ਚਿਹਰੇ ਦੇ ਮੁਹਾਸੇ: ਨਿੰਮ ਦੇ ਬੀਜ ਨੂੰ ਲੱਸੀ ਵਿੱਚ ਚੰਗੀ ਤਰ੍ਹਾਂ ਰਗੜ ਕੇ ਕੁੱਝ ਦਿਨ ਚਿਹਰੇ ‘ਤੇ ਲੇਪ ਕਰੋ। ਇਸ ਤਰ੍ਹਾਂ ਕਰਨ ਨਾਲ ਮੁਹਾਸੇ ਦੂਰ ਹੋ ਜਾਂਦੇ ਹਨ।
ਜ਼ਖ਼ਮਾਂ ਲਈ: ਨਿੰਮ ਦੀਆਂ ਪੱਤੀਆਂ ਦਾ ਰਸ 10 ਗ੍ਰਾਮ, ਸਰ੍ਹੋਂ ਦਾ ਤੇਲ 10 ਗ੍ਰਾਮ, ਦੋਵਾਂ ਨੂੰ ਲੈ ਕੇ ਅੱਗ ‘ਤੇ ਰੱਖ ਦਿਓ। ਇਸ ਨੂੰ ਓਦੋਂ ਤਕ ਅੱਗ ‘ਤੇ ਰੱਖੋ ਜਦ ਤਕ ਕਿ ਰਸ ਸਾਰਾ ਉਡ ਜਾਵੇ ਅਤੇ ਸਿਰਫ਼ ਤੇਲ ਹੀ ਬਾਕੀ ਰਹੇ। ਇਸ ਨੂੰ ਸ਼ੀਸ਼ੀ ਵਿੱਚ ਪਾ ਕੇ ਰੱਖ ਲਵੋ। ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ‘ਤੇ ਲਗਾਉਣ ਨਾਲ ਜ਼ਖਮ ਬਹੁਤ ਜਲਦ ਠੀਕ ਹੋ ਜਾਂਦਾ ਹੈ।
ਚਮੜੀ ਦੇ ਨਿੱਕੇ ਮੋਟੇ ਰੋਗਾਂ ਲਈ: ਹਰ ਰੋਜ਼ ਸਵੇਰ ਵੇਲੇ ਨਿੰਮ ਦੀਆਂ ਕੋਮਲ ਪੱਤੀਆਂ ਨੂੰ ਚਬਾ ਕੇ ਅੰਦਰ ਲੰਘਾਓ, ਲਗਾਤਾਰ ਵਰਤੋਂ ਨਾਲ ਚਮੜੀ ਦੇ ਰੋਗਾਂ ਜਿਵੇਂ ਨਿੱਕੀਆਂ-ਮੋਟੀਆਂ ਫ਼ਿਨਸੀਆਂ, ਫ਼ੋੜੇ, ਖ਼ਾਰਸ਼, ਖੁਜਲੀ, ਆਦਿ ਖ਼ਤਮ ਹੋ ਜਾਂਦੇ ਹਨ।
ਦੰਦਾਂ ਦੇ ਰੋਗਾਂ ਲਈ: ਹਰ ਰੋਜ਼ ਨਿੰਮ ਦੀ ਦਾਤਣ ਕਰਨ ਨਾਲ ਜਿਥੇ ਦੰਦਾਂ ਦੇ ਅਨੇਕਾਂ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਉਥੇ ਦੰਦਾਂ ਨੂੰ ਕੀੜਾ ਆਦਿ ਲੱਗਣ ਦਾ ਖ਼ਤਰਾ ਟਲ ਜਾਂਦਾ ਹੈ ਅਤੇ ਦੰਦ ਮਜ਼ਬੂਤ ਅਤੇ ਸਫ਼ੈਦ ਹੋ ਜਾਂਦੇ ਹਨ।
ਮੱਛਰ ਆਦਿ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ: ਨਿੰਮ ਦੇ ਸੁੱਕੇ ਪੱਤੇ, ਥੋੜ੍ਹਾ ਜਿਹਾ ਗੰਧਕ ਚੂਰਨ, ਥੋੜ੍ਹਾ ਜਿਹਾ ਕਪੂਰ (ਕੈਮਫੋਰ), ਅਗਰ ਅਤੇ ਥੋੜ੍ਹਾ ਜਿਹਾ ਚੰਦਨ ਚੂਰਨ ਸਭ ਨੂੰ ਮਿਲਾ ਕੇ ਧੁਖਾ ਦੇਣ ਨਾਲ ਜਿਥੇ ਵਾਤਾਵਰਣ ਦੀ ਸ਼ੁੱਧਤਾ ਵਧੇਗੀ ਉਥੇ ਹੀ ਮੱਛਰ ਆਦਿ ਜੀਵ ਭੱਜ ਜਾਣਗੇ।
ਸੁਸਰੀ ਅਤੇ ਹੋਰ ਕੀੜੇ ਤੋਂ ਰਾਖੀ ਲਈ: ਨਿੰਮ ਦੇ ਸੁੱਕੇ ਪੱਤੇ ਲੈ ਕੇ ਕਣਕ ਵਿੱਚ ਪਾ ਦਿਓ, ਅਤੇ ਇਸ ਤਰ੍ਹਾਂ ਨਾਲ ਸੁਸਰੀ ਆਦਿ ਤੋਂ ਕਣਕ ਦਾ ਬਚਾਅ ਹੋ ਜਾਂਦਾ ਹੈ। ਕਿਤਾਬਾਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਨਿੰਮ ਦੇ ਸੁੱਕੇ ਪੱਤੇ ਪਾ ਕੇ ਰੱਖੋ।
ਸੂਰਜਵੰਸ਼ੀ