ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਵਰਲਡ ਐਂਟੀ ਡੋਪਿੰਗ ਏਜੰਸੀ ਦੇ ਜ਼ਾਬਤੇ ਦੀ ਪਾਲਣਾ ਕਰਨ ਤੋਂ ਲਗਾਤਾਰ ਇਨਕਾਰ ਕਰਨਾ ਅਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ ਜਾਂ NADA) ਨੂੰ ਭਾਰਤੀ ਕ੍ਰਿਕਟਰਾਂ ਦਾ ਡੋਪ ਟੈੱਸਟ ਲੈਣ ਦੀ ਮਨਜ਼ੂਰੀ ਦੇਣ ਦਾ ਅਸਰ ਘਰੇਲੂ ਕ੍ਰਿਕਟ ਸੀਜ਼ਨ ‘ਤੇ ਪੈ ਸਕਦਾ ਹੈ। ਖ਼ਬਰਾਂ ਮੁਤਾਬਿਕ, ਦੱਖਣੀ ਅਫ਼ਰੀਕਾ ਦੀ ਪੁਰਸ਼, ਮਹਿਲਾ ਅਤੇ A ਟੀਮਾਂ ਨੂੰ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਾ ਹੈ, ਪਰ ਖੇਡ ਮੰਤਰਾਲੇ ਨੇ ਵਿਦੇਸ਼ੀ ਟੀਮਾਂ ਨੂੰ ਵੀਜ਼ਾ ਪ੍ਰਕਿਰਿਆ ਲਈ ਜ਼ਰੂਰੀ ਪੱਤਰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦਾ ਅਗਲੇ ਮਹੀਨੇ ਹੋਣ ਵਾਲਾ ਭਾਰਤ ਦੌਰਾ ਖਟਾਈ ‘ਚ ਪੈ ਸਕਦਾ ਹੈ। ਦੱਖਣੀ ਅਫ਼ਰੀਕਾ A ਅਤੇ ਭਾਰਤ A ਵਿਚਾਲੇ 29 ਅਗਸਤ ਤੋਂ ਸੀਰੀਜ਼ ਹੋਣੀ ਹੈ। ਦੱਖਣੀ ਅਫ਼ਰੀਕਾ A ਟੀਮ ਨੂੰ 27 ਅਗਸਤ ਨੂੰ ਭਾਰਤ ਪਹੁੰਚਣਾ ਹੈ।
ਇੰਨਾ ਹੀ ਨਹੀਂ, ਨਵੰਬਰ ‘ਚ ਬੰਗਲਾਦੇਸ਼ ਅਤੇ ਦਸੰਬਰ ‘ਚ ਵੈੱਸਟ ਇੰਡੀਜ਼ ਨੂੰ ਭਾਰਤ ਦਾ ਦੌਰਾ ਕਰਨਾ ਹੈ। BCCI ਇਨ੍ਹਾਂ ਦੋਹਾਂ ਟੀਮਾਂ ਨੂੰ ਸੱਦਾ ਪੱਤਰ ਜਾਰੀ ਕਰਨ ਲਈ ਵੀ ਖੇਡ ਮੰਤਰਾਲੇ ਨੂੰ ਬੇਨਤੀ ਕਰ ਚੁੱਕੀ ਹੈ। ਖ਼ਬਰਾਂ ਮੁਤਾਬਿਕ, ਨਵੀਂ ਦਿੱਲੀ ‘ਚ BCCI ਲਈ ਨਿਯੁਕਤ ਕੀਤੀ ਗਈ ਪ੍ਰਸ਼ਾਸਕਾਂ ਦੀ ਕਮੇਟੀ (COA) ਨੇ ਸੋਮਵਾਰ ਨੂੰ ਇਸ ਅੜਿੱਕੇ ਨੂੰ ਲੈ ਕੇ ਬੈਠਕ ਕੀਤੀ। ਬੈਠਕ ‘ਚ ਮਾਮਲੇ ਨੂੰ ਹਲ ਕਰਨ ਲਈ ਖੇਡ ਮੰਤਰਾਲੇ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਖੇਡ ਮੰਤਰਾਲਾ ਅਤੇ BCCI ਡੋਪਿੰਗ ਰੋਕੂ ਪ੍ਰੋਗਰਾਮ ‘ਤੇ ਸਹਿਮਤ ਨਹੀਂ। ਖੇਡ ਮੰਤਰਾਲਾ ਚਾਹੁੰਦਾ ਹੈ ਕਿ BCCI ਨਾਡਾ ਨੂੰ ਖਿਡਾਰੀਆਂ ਦੇ ਸੈਂਪਲ ਇਕੱਠਾ ਕਰਨ ਦੀ ਮਨਜ਼ੂਰੀ ਦੇਵੇ।