ਹਾਪੁੜ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਅਸਥੀਆਂ ਵੀਰਵਾਰ ਨੂੰ ਹਾਪੁੜ ਦੇ ਗੰਗਾ-ਬ੍ਰਿਜਘਾਟ ‘ਤੇ ਵੈਦਿਕ ਮੰਤਰ ਉਚਾਰਣ ਦਰਮਿਆਨ ਪ੍ਰਵਾਹ ਕਰ ਦਿੱਤੀਆਂ ਗਈਆਂ। ਬ੍ਰਿਜਘਾਟ ਵਿਖੇ ਪੰਡਤਾਂ ਨੇ ਪੂਜਾ ਕਰਵਾਈ, ਜਿਸ ਤੋਂ ਬਾਅਦ ਸੁਸ਼ਮਾ ਸਵਰਾਜ ਦੇ ਬੇਟੀ ਬਾਂਸੁਰੀ ਨੇ ਪਵਿੱਤਰ ਨਦੀ ਵਿਚ ਮਾਂ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ। ਇਸ ਦੌਰਾਨ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਵੀ ਮੌਜੂਦ ਰਹੇ। ਦੋਹਾਂ ਪਿਤਾ-ਬੇਟੀ ਨੇ ਪਹਿਲਾਂ ਫੁੱਲ ਭੇਟ ਕਰ ਕੇ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਤੋਂ ਬਾਅਦ ਗੰਗਾ ਵਿਚ ਅਸਥੀਆਂ ਪ੍ਰਵਾਹ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਏਮਜ਼ ਵਿਚ ਦਿਹਾਂਤ ਹੋ ਗਿਆ ਸੀ। ਉਹ 67 ਸਾਲ ਦੀ ਸੀ। ਕੱਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਅਤੇ ਹੋਰ ਪਾਰਟੀਆਂ ਦੇ ਤਮਾਮ ਨੇਤਾ ਸੁਸ਼ਮਾ ਨੂੰ ਅੰਤਿਮ ਵਿਦਾਈ ਦੇਣ ਪੁੱਜੇ ਸਨ। ਭਾਜਪਾ ਦੀ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਰਹੀ ਸੁਸ਼ਮਾ ਸਵਰਾਜ ਮਿਲਾਪੜੇ ਸੁਭਾਅ ਵਾਲੀ ਸੀ। ਉਨ੍ਹਾਂ ਨੇ ਸੰਕਟ ‘ਚ ਫਸੇ ਭਾਰਤੀਆਂ ਦੀ ਮਦਦ ਕੀਤੀ, ਜਿਸ ਕਾਰਨ ਉਨ੍ਹਾਂ ਦੇ ਜਾਣ ਨਾਲ ਹਰ ਕਿਸੇ ਦੀ ਅੱਖ ‘ਚ ਹੰਝੂ ਹੈ। ਸੁਸ਼ਮਾ ਸਵਰਾਜ ਭਾਵੇਂ ਹੀ ਸਾਡੇ ਦਰਮਿਆਨ ਨਹੀਂ ਰਹੀ ਪਰ ਉਨ੍ਹਾਂ ਦੀਆਂ ਯਾਦਾਂ ਅਤੇ ਕੀਤੇ ਗਏ ਕੰਮ ਹਮੇਸ਼ਾ ਯਾਦ ਰਹਿਣਗੇ।