ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਨੇ ਪਿੱਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ ਨਾਲ ਆਪਣਾ ਬੌਲੀਵੁਡ ਡੈਬਿਊ ਕੀਤਾ ਹੈ। ਇਸ ਫ਼ਿਲਮ ‘ਚ ਬਾਦਸ਼ਾਹ ਨਾਲ ਸੋਨਾਕਸ਼ੀ ਸਿਨਹਾ ਲੀਡ ਕਿਰਦਾਰ ‘ਚ ਹੈ। ਇਹ ਫ਼ਿਲਮ ਸੈੱਕਸ ਐਜੂਕੇਸ਼ਨ ‘ਤੇ ਆਧਾਰਿਤ ਹੈ। ਹਾਲ ਹੀ ‘ਚ ਬਾਦਸ਼ਾਹ ਨੇ ਇਸ ਫ਼ਿਲਮ ਨੂੰ ਲੈ ਕੇ ਗੱਲ ਕੀਤੀ ਜਿਸ ‘ਚ ਉਸ ਨੇ ਕਿਹਾ ਕਿ ਉਹ ਆਪਣੀ ਧੀ ਨਾਲ ਸਹੀ ਉਮਰ ‘ਚ ਸੈੱਕਸ ਐਜੂਕੇਸ਼ਨ ਬਾਰੇ ਗੱਲ ਜ਼ਰੂਰ ਕਰੇਗਾ।
ਬਾਦਸ਼ਾਹ ਨੇ ਕਿਹਾ, ”ਮੈਂ ਆਪਣੀ ਧੀ ਦੇ ਵੱਡੇ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ। ਇੱਕ ਸਹੀ ਉਮਰ ‘ਚ ਮੈਂ ਉਸ ਨਾਲ ਸੈੱਕਸ ਐਜੂਕੇਸ਼ਨ ‘ਤੇ ਗੱਲ ਕਰਾਂਗਾ। ਇਸ ਮੁੱਦੇ ‘ਤੇ ਸਾਡੇ ਸਮਾਜ ‘ਚ ਕੋਈ ਗੱਲ ਨਹੀਂ ਕਰਦਾ। ਮੇਰੀ ਧੀ ਨੂੰ ਸਭ ਕੁੱਝ ਪਤਾ ਹੋਣਾ ਚਾਹੀਦਾ ਹੈ।” ਬਾਦਸ਼ਾਹ ਨੇ ਇਹ ਵੀ ਕਿਹਾ, ”ਮੈਨੂੰ ਨਹੀਂ ਪਤਾ ਕਿ ਮੈਂ ਇਹ ਸਭ ਕਿਵੇਂ ਕਰਾਂਗਾ, ਪਰ ਮੈਂ ਅਜਿਹਾ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।” ਬਾਦਸ਼ਾਹ ਦੀ ਧੀ ਦਾ ਜਨਮ ਸਾਲ 2017 ‘ਚ ਹੋਇਆ ਸੀ।
ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਬਾਦਸ਼ਾਹ ਨੇ ਦੱਸਿਆ ਕਿ ਉਸ ਦਾ ਕਿਰਦਾਰ ਫ਼ਿਲਮ ‘ਚ ਗਭਰੂ ਘੈਟਾਕ ਦਾ ਹੈ। ਉਸ ਕੋਲ ਕਾਫ਼ੀ ਪੈਸਾ ਹੈ ਅਤੇ ਮਹਿੰਗੀ ਗੱਡੀ ਹੈ। ਉਸ ਦਾ ਰਹਿਣ-ਸਹਿਣ ਵੀ ਰਾਜਿਆਂ ਵਰਗਾ ਹੈ, ਪਰ ਉਹ ਇੱਕ ਜਿਣਸੀ ਬੀਮਾਰੀ ਨਾਲ ਵੀ ਝੂਜ ਰਿਹਾ ਹੁੰਦਾ ਹੈ। ਇਹ ਪਰੇਸ਼ਾਨੀ ਕੀ ਹੈ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ, ਪਰ ਫ਼ਿਲਮ ਦੇ ਮੁੱਖ ਸੰਦੇਸ਼ ਦੀ ਗੱਲ ਕਰੀਏ ਤਾਂ ਇਸ ਦੇ ਹਿਸਾਬ ਨਾਲ ਉਸ ਦਾ ਇਹ ਕਿਰਦਾਰ ਬਿਲਕੁਲ ਪ੍ਰਫ਼ੈੱਕਟ ਹੈ। ਫ਼ਿਲਮ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 2 ਅਗਸਤ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਦੀ ਇਸ ਬਾਰੇ ਰਲਵੀ ਮਿਲਵੀਂ ਪ੍ਰਤੀਕਿਰਿਆ ਹੈ। ਇਸ ਫ਼ਿਲਮ ‘ਚ ਸੋਨਾਕਸ਼ੀ ਸਿਨਹਾ ਅਤੇ ਬਾਦਸ਼ਾਹ ਤੋਂ ਇਲਾਵਾ ਅਨੂ ਕਪੂਰ ਅਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ ‘ਚ ਹਨ॥