ਪਟਿਆਲਾ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੀ ਧਰਮ ਪਤਨੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਹੋਈ 23 ਲੱਖ ਦੀ ਠੱਗੀ ਮਾਮਲੇ ‘ਚ 2 ਹੋਰ ਵਿਅਕਤੀਆਂ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ ਅਫਸਰ ਅਲੀ ਅਤੇ ਨੂਰ ਅਲੀ ਸ਼ਾਮਲ ਹਨ, ਜਦੋਂਕਿ ਇਕ ਵਿਅਕਤੀ ਅਤਾ ਉਲ ਅੰਸਾਰੀ ਨੂੰ ਬੀਤੇ ਕੱਲ੍ਹ ਝਾਰਖੰਡ ਦੇ ਜਾਮਤਾੜਾ ਦੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਇਨ੍ਹਾਂ ਵਿਅਕਤੀਆਂ ਤੋਂ ਕੁੱਲ 693 ਸਿਮ ਅਤੇ 19 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਤਿੰਨੋਂ ਵਿਅਕਤੀ ਪਿਛਲੇ ਪੰਜ ਸਾਲ ਤੋਂ ਸਾਈਬਰ ਠੱਗੀ ਕਰ ਰਹੇ ਸਨ।
ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਵਿਅਕਤੀ ਵੱਖ-ਵੱਖ ਨੰਬਰਾਂ ‘ਤੇ ਫੋਨ ਕਰਕੇ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਗਾ ਕੇ ਉਨ੍ਹਾਂ ਕੋਲੋਂ ਅਕਾਊਂਟ ਨੰ. ਏ.ਟੀ.ਐੱਮ. ਨੰ. ਸੀ.ਵੀ.ਸੀ. ਨੰ. ਲੈ ਲੈਂਦੇ ਸਨ। ਐੱਮ.ਪੀ. ਪ੍ਰਨੀਤ ਕੌਰ ਦੇ ਮਾਮਲੇ ‘ਚ ਕਈ ਵਾਰ ਟਰਾਂਸਜੈਕਸ਼ਨਾਂ ਕਰਕੇ 23 ਲੱਖ ਰੁਪਏ ਕੱਢੇ ਗਏ। ਇਨ੍ਹਾਂ ਨੂੰ ਅੱਗੇ ਵੱਖ-ਵੱਖ ਅਕਾਉਂਟਾਂ ‘ਚ ਟਰਾਂਸਫਰ ਕਰਵਾ ਦਿੱਤਾ ਗਿਆ, ਜਿਨ੍ਹਾਂ ਨੂੰ ਪਟਿਆਲਾ ਪੁਲਸ ਨੇ ਸੀਲ ਕਰ ਦਿੱਤਾ ਹੈ।