ਅਮਰੀਕਾ ਦੇ ਇੰਜਨੀਅਰਾਂ ਨੇ ਪਹਿਲੀ ਵਾਰ 1973 ਵਿੱਚ ਦੋ ਕਿੱਲੋ ਭਾਰ ਵਾਲਾ ਹੈਂਡ ਸੈੱਟ ਬਣਾ ਕੇ ਮੋਬਾਈਲ ਫ਼ੋਨ ਪ੍ਰਦਰਸ਼ਤ ਕੀਤਾ ਸੀ। ਉਸ ਤੋਂ ਬਾਅਦ 1983 ਵਿੱਚ ਪਹਿਲੀ ਵਾਰ ਮੋਟੋਰੋਲਾ ਦਾ ਡਾਯੇਨਾ TAC 800 ਸੈੱਲ ਫ਼ੋਨ ਬਾਜ਼ਾਰ ਵਿੱਚ ਆਇਆ। ਸੈੱਲ ਫ਼ੋਨਜ਼ ਰੇਡੀਓ ਫ਼ਰੀਕੁਐਂਸੀ ‘ਤੇ ਕੰਮ ਕਰਦੇ ਹਨ। ਗੱਲਾਂਬਾਤਾਂ ਹੁੰਦੀਆਂ ਹਨ ਅਤੇ ਕਾਲਾਂ ਰਿਸੀਵ ਕਰਦੇ ਹਨ। ਸੰਨ 1983 ਤੋਂ ਲੈ ਕੇ ਹੁਣ ਤਕ ਅਨੇਕਾਂ ਕੰਪਨੀਆਂ ਦੇ ਮੋਬਾਇਲ ਸੈੱਟ ਆ ਚੁੱਕੇ ਹਨ। ਮੋਬਾਇਲ ਫ਼ੋਨ ਹੁਣ ਇੱਕ ਜ਼ਰੂਰਤ ਬਣ ਗਿਆ ਹੈ ਕਿਉਂਕਿ ਦੂਰ ਨੇੜੇ ਗੱਲਾਂ ਕਰਨ ਦੇ ਨਾਲ ਨਾਲ ਇਸ ਵਿੱਚ ਕੈਮਰਾ, ਰੇਡੀਓ, ਬੈਂਕਿੰਗ, ਵ੍ਹਾਟਸਐਪ, ਫ਼ੇਸਬੁੱਕ ਅਤੇ ਹੋਰ ਕਈ ਤਰ੍ਹਾਂ ਦੇ ਐਪਸ ਹਨ ਜਿਨ੍ਹਾਂ ਕਰ ਕੇ ਮਨੁੱਖ ਇਸ ਦਾ ਤਕਰੀਬਨ ਗ਼ੁਲਾਮ ਹੀ ਬਣ ਚੁੱਕਾ ਹੈ। ਲਗਦਾ ਹੈ ਕਿ ਇਸੇ ਵਿੱਚ ਹੀ ਸਾਡੀ ਜਾਨ ਹੈ। ਅਣਗਿਣਤ ਸੁਵਿਧਾਵਾਂ ਕਰ ਕੇ ਇਸ ਦੀ ਦੁਰਵਰਤੋਂ ਵੀ ਬਹੁਤ ਹੋ ਰਹੀ ਹੈ। ਮੋਬਾਇਲ ਫ਼ੋਨ ‘ਚੋਂ ਰੇਡੀਓ ਫ਼ਰੀਕੁਐਂਸੀ ਐਨਰਜੀ ਨਿਕਲਦੀ ਹੈ ਜੋ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ। ਇਹ ਰੇਡੀਏਸ਼ਨ ਕੰਨ ਦੇ ਨੇੜਲੇ ਤੰਤੂਆਂ (ਦਿਮਾਗ਼) ‘ਤੇ ਬੁਰਾ ਪ੍ਰਭਾਵ ਪਾ ਕੇ ਉਸ ਵਿੱਚ ਰਸੌਲੀ ਪੈਦਾ ਕਰ ਸਕਦੀ ਹੈ। ਬੱਚਿਆਂ ਦਾ ਨਰਵਸ ਸਿਸਟਮ ਅਜੇ ਵਿਕਸਿਤ ਹੋ ਰਿਹਾ ਹੁੰਦਾ ਹੈ, ਇਸ ਲਈ ਛੋਟੀ ਉਮਰ ਵਿੱਚ ਮੋਬਾਇਲ ਫ਼ੋਨ ਵਰਤਣਾ ਵਧੇਰੇ ਜੋਖ਼ਮ ਭਰਪੂਰ ਹੈ।
ਦਿਮਾਗ਼ ਦੀ ਕੋਈ ਵੀ ਰਸੌਲੀ ਹੋਵੇ, ਉਹ ਗੰਭੀਰ ਹੀ ਹੁੰਦੀ ਹੈ ਅਤੇ ਜ਼ਿੰਦਗੀ ਨੂੰ ਖ਼ਤਰਾ ਰਹਿੰਦਾ ਹੈ। ਇਹ ਰਸੌਲੀ ਕੈਂਸਰ ਵਾਲੀ ਜਾਂ ਕੈਂਸਰ-ਰਹਿਤ ਹੁੰਦੀ ਹੈ। ਭਾਵੇਂ ਕੈਂਸਰ-ਰਹਿਤ ਹੀ ਹੋਵੇ ਜਦ ਇਹ ਬਣ ਜਾਂਦੀ ਅਤੇ ਵਧਦੀ ਹੈ ਤਾਂ ਜਗ੍ਹਾ ਘੇਰਦੀ ਹੈ ਜਿਸ ਕਾਰਨ ਦੁਆਲੇ ਦੇ ਤੰਤੂਆਂ ਉੱਪਰ ਦਬਾਅ ਪੈਂਦਾ ਹੈ। ਇਸ ਨਾਲ ਖੋਪੜੀ ਦੇ ਅੰਦਰ ਵੀ ਪ੍ਰੈਸ਼ਰ ਵਧਦਾ ਹੈ। ਇਸ ਦੇ ਲੱਛਣ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਰਸੌਲੀ ਕਿਸ ਪਾਸੇ ਜਾਂ ਦਿਮਾਗ਼ ਦੇ ਕਿਹੜੇ ਹਿੱਸੇ ਤੋਂ ਉਤਪੰਨ ਹੋਈ ਹੈ। ਰਸੌਲੀ ਦੇ ਲੱਛਣ ਸਿਰਫ਼ ਸਿਰ ਪੀੜ ਤੋਂ ਲੈ ਕੇ ਬ੍ਰੇਨ ਸਟਰੋਕ ਤਕ ਹੋ ਸਕਦੇ ਹਨ। ਦਿਮਾਗ਼ ਦੇ ਪ੍ਰਾਇਮਰੀ ਟਿਊਮਰ ਕਿਤੇ ਵੀ ਹੋ ਸਕਦੇ ਹਨ, ਫ਼ਿਰ ਵੀ ਆਮ ਕਰ ਕੇ ਬੱਚਿਆਂ ਵਿੱਚ ਇਸ ਦੇ ਪਿਛਲੇ ਹਿੱਸੇ ਵਿੱਚ ਹੁੰਦੇ ਹਨ ਜਦ ਕਿ ਵੱਡਿਆਂ ਵਿੱਚ ਇਹ ਦਿਮਾਗ਼ ਦੇ ਅਗਲੇ ਹਿੱਸੇ ਵਿੱਚ ਹੁੰਦੇ ਹਨ। ਹੱਡੀਆਂ ਦੀ ਖੋਪੜੀ ਅੰਦਰ ਦਿਮਾਗ਼ ਦੇ ਸੈੱਲਾਂ/ਤੰਤੂਆਂ ਦੇ ਅਸਧਾਰਨ ਵਾਧੇ ਕਾਰਨ ਉਤਪੰਨ ਹੋਈ ਰਸੌਲੀ ਜਾਂ ਟਿਊਮਰ, ਦਿਮਾਗ਼ ਦੀ ਰਸੌਲੀ ਜਾਂ ਬਰੇਨ ਟਿਊਮਰ ਹੁੰਦਾ ਹੈ।
ਇਸੇ ਤਰ੍ਹਾਂ ਦੀ ਰਸੌਲੀ ਸੁਖਮਣਾ ਨਾੜੀ ਵਿੱਚ ਵੀ ਹੋ ਜਾਂਦੀ ਹੈ ਜੋ ਰੀੜ੍ਹ ਦੀ ਹੱਡੀ ਦੇ ਅੰਦਰ ਹੁੰਦੀ ਹੈ। ਇਹ ਰਸੌਲੀ ਦਿਮਾਗ਼ ਦੇ ਤੰਤੂਆਂ, ਖ਼ੂਨ ਦੀਆਂ ਨਾੜੀਆਂ (ਹਿਮੈਂਜ਼ੀਓਮਾ), ਦਿਮਾਗ਼ ਦੇ ਦੁਆਲੇ ਝਿੱਲੀਆਂ (ਮੈਨਿਨਜੀਓਮਾ) ਪਿਚਿਊਟਰੀ ਅਤੇ ਪਾਇਨੀਅਲ ਗ੍ਰੰਥੀ ਅਤੇ ਹੱਡੀਆਂ ਦੇ ਸੈੱਲਾਂ ਤੋਂ ਉਤਪੰਨ ਹੋ ਸਕਦੀਆਂ ਹਨ। ਜੇ ਸ਼ਰੀਰ ਦੇ ਕਿਸੇ ਹੋਰ ਹਿੱਸੇ ਜਾਂ ਅੰਗ ਦਾ ਕੈਂਸਰ (ਫ਼ੇਫ਼ੜੇ, ਬ੍ਰੈੱਸਟ, ਗੁਰਦੇ, ਅੰਤੜੀ, ਆਦਿ ਵਿੱਚ) ਫ਼ੈਲ ਕੇ ਦਿਮਾਗ਼ ਤਜ ਪੁੱਜ ਜਾਂਦਾ ਹੈ ਤਾਂ ਇਸ ਨੂੰ ਸੈਕੰਡਰੀ ਕੈਂਸਰ ਕਹਿੰਦੇ ਹਨ।
ਕਾਰਨ: ਵਾਤਾਵਰਣ ਵਿੱਚ ਆਇਓਨਾਇਜ਼ਿੰਗ ਰੇਡੀਏਸ਼ਨ ਅਤੇ ਰਸਾਇਣ, ਵਾਇਨਲ ਕਲੋਰਾਈਡ ਦਾ ਅਜਿਹੀਆਂ ਰਸੌਲੀਆਂ ਨਾਲ ਸਬੰਧ ਦੱਸਿਆ ਜਾਂਦਾ ਹੈ। ਜਨੈਟਿਕ ਕਾਰਨਾਂ ਵਿੱਚ ਮਿਊਟੇਸ਼ਨ ਐਂਡ ਡਿਲੀਸ਼ਨ ਔਫ਼ ਟਿਊਮਰ ਸਪ੍ਰੈਸਰ ਜੀਨ, ਵਿਰਾਸਤ ਅਤੇ ਪਰਿਵਾਰਿਕ ਕਾਰਨਾਂ ਵਿੱਚ ਨਿਊਰੋ-ਫ਼ਾਇਬ੍ਰੋਮੈਟੋਸਿਸ ਵਾਲੇ ਪਰਿਵਾਰਾਂ ਦੇ ਜੀਆਂ ਨੂੰ ਦਿਮਾਗ਼ ਦੀਆਂ ਰਸੌਲੀਆਂ ਬਣਨ ਦਾ ਖ਼ਤਰਾ ਰਹਿੰਦਾ ਹੈ। ਬਰੇਨ ਦੇ ਕੁੱਝ ਟਿਊਮਰਾਂ ਦਾ ਕਾਰਨ ਵਾਇਰਸ (ਸਾਇਟੋ-ਮੈਗਾਲੋ-ਵਾਇਰਸ) ਵੀ ਹੋ ਸਕਦਾ ਹੈ ਜਿਵੇਂ ਮੈਡੂਲੋ ਬਲਾਸਟੋਮਾ, ਕੋਰਾਇਡ ਪਲੈਕਸਸ ਪੈਪੀਲੋਮਾ ਅਤੇ ਗਲਾਇਓਮਾ। ਵਿਸ਼ਵ ਸਿਹਤ ਸੰਸਥਾ ਦੀ ਅੰਤਰਰਾਸ਼ਟਰੀ ਏਜੈਂਸੀ ਨੇ ਐਲਾਨ ਕੀਤਾ ਹੈ ਕਿ ਇਸ ਕਥਨ ਦੇ ਪੁਖ਼ਤਾ ਸਬੂਤ ਹਨ ਕਿ ਮੋਬਾਇਲ ਫ਼ੋਨ ਦੇ ਵਧੇਰੇ ਪ੍ਰਯੋਗ ਅਤੇ ਦਿਮਾਗ਼ ਦੀ ਰਸੌਲੀ ਬਣਨ ਵਿੱਚ ਜ਼ਰੂਰ ਕੁੱਝ ਸਬੰਧ ਹੈ।
ਬਰੇਨ ਟਿਊਮਰ ਦੇ ਲੱਛਣ: ਦੌਰਾ ਪੈਣਾ-ਮਿਰਗੀ ਦੇ ਦੌਰੇ ਵਾਂਗ, ਕਿਸੇ ਬਾਂਹ ਜਾਂ ਲੱਤ ਦਾ ਹੌਲੀ ਹੌਲੀ ਕਮਜ਼ੋਰ ਹੋਈ ਜਾਣਾ, ਚੱਕਰ ਆਉਣੇ ਅਤੇ ਸ਼ਰੀਰ ਦਾ ਸੰਤੁਲਨ ਵਿਗੜ ਜਾਣਾ ਖ਼ਾਸ ਕਰ ਕੇ ਸਿਰਦਰਦ ਨਾਲ, ਇੱਕ ਜਾਂ ਦੋਹੇਂ ਪਾਸੇ ਦੀ ਨਜ਼ਰ ਘਟ ਕੇ ਬੰਦ ਹੋ ਜਾਣਾ, ਦੋ ਦਿਖਾਈ ਦੇਣੇ, ਬੋਲਾਪਨ ਜਾਂ ਸੁਣਾਈ ਦੇਣਾ ਘੱਟ ਜਾਣਾ, ਬੋਲਣ ਵਿੱਚ ਕਠਿਨਾਈ ਜਾਂ ਨਾ ਬੋਲਿਆ ਜਾਣਾ। ਇਨ੍ਹਾਂ ਦੇ ਨਾਲ ਨਾਲ ਦੂਸਰੇ ਲੱਛਣ ਜਿਵੇਂ ਜੀਅ ਕੱਚਾ, ਉਲਟੀ ਖ਼ਾਸ ਕਰ ਕੇ ਸਵੇਰ ਦੇ ਸਮੇਂ, ਯਾਦਾਸ਼ਤ ਚਲੀ ਜਾਣਾ ਜਾਂ ਘਟਣਾ, ਕੁੱਝ ਸਮਝ ਨਾ ਲੱਗਣਾ, ਆਲੇ-ਦੁਆਲੇ ਬਾਰੇ ਹੋਸ਼ ਨਾ ਰਹਿਣਾ, ਆਦਿ। ਜੇ ਕਿਸੇ ਨੂੰ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸਿਰਦਰਦ ਹੈ ਤਾਂ ਉਹ ਰਸੌਲੀ ਨਹੀਂ ਹੋਵੇਗੀ ਕਿਉਂਕਿ ਦਿਮਾਗ਼ ਦੀ ਰਸੌਲੀ ਤਾਂ ਹਫ਼ਤਿਆਂ ਵਿੱਚ ਹੀ ਆਪਣਾ ਰੰਗ ਦਿਖਾ ਦਿੰਦੀ ਹੈ।
ਉਕਤ ਸਮੱਸਿਆਵਾਂ ਹੋਣ ਤਾਂ ਮਰੀਜ਼ ਦੇ ਰਿਸਤੇਦਾਰ, ਉਸ ਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਂਦੇ ਹਨ ਜੋ ਜਾਂਚ ਤੋਂ ਬਾਅਦ ਨਿਊਰੋਲੌਜਿਸਟ ਕੋਲ ਭੇਜ ਦਿੰਦਾ ਹੈ। ਦਿਮਾਗ਼ ਦੀ ਰਸੌਲੀ ਦਾ ਪਤਾ ਲਗਾਉਣ ਵਾਸਤੇ ਰੋਗੀ ਦਾ ਵਿਸਥਾਰ ਸਹਿਤ ਮੁਆਇਨਾ, ਦਿਮਾਗ਼ ਦਾ CT ਸਕੈਨ ਅਤੇ ਉਸ ਦੇ ਤੰਤੂਆਂ ਦੀ ਖ਼ੁਰਦਬੀਨੀ ਜਾਂਚ ਸਾਇਟਾਲੋਜੀ ਜਾਂ ਬਾਇਔਪਸੀ ਜ਼ਰੂਰੀ ਹੈ। ਖ਼ੁਰਦਬੀਨੀ ਜਾਂਚ ਤੋਂ ਪੱਕਾ ਪਤਾ ਲਗ ਜਾਂਦਾ ਹੈ ਕਿ ਇਹ ਕੈਂਸਰ ਵਾਲਾ ਟਿਊਮਰ ਹੈ ਜਾਂ ਨਹੀਂ। ਪੈਟ ਸਕੈਨ ਨਾਲ ਦਿਮਾਗ਼ ਦੀ ਕਾਰਜਸ਼ੀਲਤਾ ਚੈੱਕ ਕੀਤੀ ਜਾਂਦੀ ਹੈ। ਇਸ ਸਬੰਧੀ ਇਹ ਮਸ਼ੀਨ ਕੰਪਿਊਟਰ ਨੂੰ ਸੂਚਨਾ ਭੇਜਦੀ ਹੈ ਜਿਸ ਨਾਲ ਮੌਨੀਟਰ ‘ਤੇ ਤਸਵੀਰ ਬਣ ਜਾਂਦੀ ਹੈ। ਇਸ ਟੈੱਸਟ ਨਾਲ ਬਰੇਨ ਦੇ ਨੁਕਸਾਨੇ ਹੋਏ ਹਿੱਸੇ, ਨੌਰਮਲ ਤੰਤੂ ਅਤੇ ਟਿਊਮਰ ਵਾਲੇ ਭਾਗਾਂ ਨੂੰ ਅਲੱਗ-ਅਲੱਗ ਦੇਖਿਆ ਅਤੇ ਵਾਚਿਆ ਜਾ ਸਕਦਾ ਹੈ।
ਨਿਊਰੋਲੌਜੀਕਲ ਜਾਂਚ ਵਿੱਚ ਪੱਠਿਆਂ ਦੀ ਤਾਕਤ, ਦਿਮਾਗ਼ੀ ਵਰਜ਼ਿਸ਼ ਅਤੇ ਨਰਵਜ਼ ਦੇ ਬਾਕੀ ਕੰਮ ਚੈੱਕ ਕੀਤੇ ਜਾਂਦੇ ਹਨ ਕਿ ਉਹ ਠੀਕ ਕੰਮ ਕਰ ਰਹੇ ਹਨ ਕਿ ਨਹੀਂ। ਜੇਕਰ ਇਨ੍ਹਾਂ ਜਾਂਚਾਂ ਤੋਂ ਕੁੱਝ ਅਸਾਧਾਰਨ ਲੱਗੇ ਤਾਂ ਨਿਊਰੋਲੌਜਿਸਟ ਕੋਲੋਂ ਮੁਕੰਮਲ ਜਾਂਚ ਉਪਰੰਤ ਬਰੇਨ ਸਕੈਨ ਕਰਵਾਇਆ ਜਾਂਦਾ ਹੈ। ਇਹ ਸਕੈਨ, ਕੰਪਿਊਟਰ ਰਾਹੀਂ ਖੋਪੜੀ ਦੇ ਅੰਦਰ, ਦਿਮਾਗ਼ ਦੀਆਂ ਵੱਖ ਵੱਖ ਤੈਹਾਂ ਅਤੇ ਕੋਣਾਂ ਤੋਂ ਡਿਜੀਟਲ ਫ਼ੋਟੋ ਦਿਖਾਉਂਦਾ ਹੈ ਜਿਨ੍ਹਾਂ ਦਾ ਮਾਹਰ ਡਾਕਟਰ ਨਿਰੀਖਣ ਕਰ ਕੇ ਆਪਣੀ ਰਿਪੋਰਟ ਦਿੰਦੇ ਹਨ। ਬਰੇਨ ਟਿਊਮਰ ਫ਼ਾਊਂਡੇਸ਼ਨ ਔਫ਼ ਇੰਡੀਆ ਦੇ ਮੁਤਾਬਿਕ ਦਿਮਾਗ਼ ਦੀ ਰਸੌਲੀ ਸਭ ਤੋਂ ਵੱਧ ਡਰਾਵਣਾ ਅਤੇ ਭਿਆਨਕ ਡਾਇਗਨੋਸਿਸ ਹੈ, ਪਰ ਆਪਣੇ ਤਜਰਬੇ ਤੋਂ ਅਸੀਂ ਇਹ ਸਿਖਿਆ ਹੈ ਕਿ ਇਸ ਤੋਂ ਬਚਾਓ ਲਈ ਸਭ ਤੋਂ ਵੱਡਾ ਹਥਿਆਰ ਹੈ ਇਸ ਸਬੰਧੀ ਗਿਆਨ। ਗਿਆਨ ਹੋਵੇ ਤਾਂ ਉਮੀਦ ਬੱਝਦੀ ਹੈ।
ਸਰਜਰੀ: ਇਲਾਜ ਵਜੋਂ ਔਪ੍ਰੇਸ਼ਨ ਵਾਸਤੇ ਮਰੀਜ਼ ਨੂੰ ਮੁਕੰਮਲ ਬੇਹੋਸ਼ ਕਰ ਕੇ, ਖੋਪੜੀ ਖੋਲ੍ਹ ਕੇ ਦਿਮਾਗ਼ ਦੇ ਅੰਦਰ ਪਹੁੰਚ ਬਣਦੀ ਹੈ। ਪੂਰੀ ਰਸੌਲੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਈ ਵਾਰ ਨੌਰਮਲ ਬਰੇਨ ਕੱਟੇ ਜਾਣ ਦੇ ਖ਼ਦਸ਼ੇ ਕਰ ਕੇ ਸਾਰੀ ਰਸੌਲੀ ਨਹੀਂ ਕੱਢੀ ਜਾ ਸਕਦੀ। ਔਪ੍ਰੇਸ਼ਨ ਤੋਂ ਬਾਅਦ ਉਸੇ ਤਰ੍ਹਾਂ ਤੈਹਾਂ ਅਨੁਸਾਰ ਜ਼ਖ਼ਮ ਬੰਦ ਕਰ ਦਿੱਤਾ ਜਾਂਦਾ ਹੈ। ਜ਼ਖ਼ਮ ਠੀਕ ਹੋਣ ਵਿੱਚ ਅੱਠ ਤੋਂ ਦਸ ਹਫ਼ਤੇ ਲੱਗ ਜਾਂਦੇ ਹਨ।
ਕੀਮੋਥੈਰਾਪੀ: ਆਮ ਕਰ ਕੇ ਔਪ੍ਰੇਸ਼ਨ ਜਾਂ ਰੇਡੀਏਸ਼ਨ ਥੈਰੇਪੀ ਤੋਂ ਬਾਅਦ ਕੀਮੋਥੈਰੇਪੀ ਦੇ ਕੋਰਸ ਦਿੱਤੇ ਜਾਂਦੇ ਹਨ।
ਰੇਡੀਓਥੈਰਾਪੀ: ਕੈਂਸਰ ਦੇ ਸੈੱਲਾਂ ਨੂੰ ਨਸ਼ਟ ਕਰਨ ਵਾਸਤੇ ਹਾਈ ਐਨਰਜੀ ਐਕਸਰੇਜ਼ ਜਾਂ ਗੈਮਾ ਰੇਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਪ੍ਰਾਇਮਰੀ ਬਰੇਨ ਟਿਊਮਰ ਸਰਜਰੀ ਰਾਹੀਂ ਕੱਢਣ ਤੋਂ ਬਾਅਦ ਵੀ ਰੇਡੀਏਸ਼ਨ ਦਿੱਤੀ ਜਾਂਦੀ ਹੈ ਤਾਂ ਕਿ ਬਾਕੀ ਬਚੇ ਜਾਂ ਲੁਕੇ-ਛਿਪੇ ਕੈਂਸਰ ਦੇ ਸੈਲ ਵੀ ਖ਼ਤਮ ਕੀਤੇ ਜਾ ਸਕਣ। ਬਰੇਕੀਥੈਰੇਪੀ ਵੀ ਇੱਕ ਵਿਧੀ ਹੈ ਜਿਸ ਨਾਲ ਤਾਕਤਵਰ ਇਲੈਕਟਰੋਡ ਨੂੰ ਟਿਊਮਰ ਸੈੱਲਾਂ ਦੇ ਕੋਲ ਹੀ ਇਮਪਲੈਂਟ ਕੀਤਾ ਜਾਂਦਾ ਹੈ। ਮੋਬਾਇਲ ਫ਼ੋਨ ਵਰਤਣ ਵਾਲਿਆਂ ਸਾਰਿਆਂ, ਖ਼ਾਸ ਕਰ ਕੇ ਜਵਾਨ ਲੜਕੇ ਲੜਕੀਆਂ ਨੂੰ ਇਸ ਦੀ ਬੇਹਿਸਾਬੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜੋਖ਼ਿਮ ਤਾਂ ਹੈ। ਇਸ ਲਈ ਮੋਬਾਇਲ ਦੀ ਵਰਤੋਂ ਘੱਟ ਕਰਨ ਦੀ ਕੋਸ਼ਿਸ਼ ਕਰੀਏ, ਸੰਤੁਲਿਤ ਅਤੇ ਪੌਸ਼ਟਿਕ ਆਹਾਰ ਨਾਲ ਸਰੀਰ ਨੂੰ ਤੰਦਰੁਸਤ ਅਤੇ ਇਸ ਦੇ ਇਮਿਊਨ ਸਿਸਟਮ ਨੂੰ ਠੀਕ ਰੱਖੀਏ। ਜੇ ਕੋਈ ਸਮੱਸਿਆ ਉਤਪੰਨ ਹੋਵੇ ਤਾਂ ਬਿਨਾਂ ਦੇਰੀ ਦੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਈਏ।
ਡਾ. ਮਨਜੀਤ ਸਿੰਘ ਬੱਲ
ਸੰਪਰਕ: 83508-00237