ਬਰਮਿੰਘਮ – ਆਸਟਰੇਲੀਆਈ ਕੋਚ ਜਸਟਿਨ ਲੈਂਗਰ ਦਾ ਮੰਨਣਾ ਹੈ ਕਿ ਸਟੀਵ ਸਮਿਥ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਹੀ ਦੁਨੀਆਂ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ‘ਚੋਂ ਇੱਕ ਹੈ। ਇੰਗਲੈਂਡ ਖ਼ਿਲਾਫ਼ ਪਹਿਲੇ ਐਸ਼ੇਜ਼ ਟੈੱਸਟ ਦੀਆਂ ਦੋਹਾਂ ਪਾਰੀਆਂ ‘ਚ ਸਮਿਥ ਦੇ ਸੈਂਕੜੇ ਤੋਂ ਬਾਅਦ ਲੈਂਗਰ ਨੇ ਉਸ ਨੂੰ ਕੋਹਲੀ ਦੀ ਬਰਾਬਰੀ ਦਾ ਬੱਲੇਬਾਜ਼ ਦੱਸਿਆ। ਲੈਂਗਰ ਨੇ ਕਿਹਾ ਕਿ ਸਮਿਥ ਨੂੰ ਇਸ ਜਿੱਤ ਦਾ ਸਿਹਰਾ ਜਾਂਦਾ ਹੈ। ਸਮਿੱਥ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਪਿਨਰ ਦੇ ਰੂਪ ‘ਚ ਕੀਤੀ ਸੀ ਅਤੇ ਫ਼ਿਰ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਬਣਿਆ।
ਕੋਚ ਨੇ ਕਿਹਾ, ”ਮੈਂ ਪਿਛਲੇ ਸੈਸ਼ਨ ‘ਚ ਕਿਹਾ ਸੀ ਕਿ ਮੈਂ ਜਿਨ੍ਹਾਂ ਨੂੰ ਵੀ ਦੇਖਿਆ ਹੈ ਉਨ੍ਹਾਂ ‘ਚ ਵਿਰਾਟ ਕੋਹਲੀ ਸਭ ਤੋਂ ਬਿਹਤਰੀਨ ਖਿਡਾਰੀ ਹੈ, ਪਰ ਇਹ (ਸਮਿਥ ਦੀਆਂ ਪਾਰੀਆਂ) ਕਿਸੇ ਹੋਰ ਪੱਧਰ ਦੀਆਂ ਸਨ। ਕੋਹਲੀ ਫ਼ਿਲਹਾਲ ICC ਟੈੱਸਟ ਰੈਂਕਿੰਗ ‘ਚ ਟੌਪ ‘ਤੇ ਚੱਲ ਰਿਹਾ ਹੈ ਜਦਕਿ ਸਮਿਥ ਪਹਿਲੇ ਟੈੱਸਟ ‘ਚ ਦੋ ਸੈਂਕੜਿਆਂ ਤੋਂ ਬਾਅਦ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਸੱਜੇ ਹੱਥ ਦੇ ਸਾਬਕਾ ਸਲਾਮੀ ਬੱਲੇਬਾਜ਼ ਲੈਂਗਰ ਨੇ ਸਮਿਥ ਨੂੰ ਟੀਮ ਲਈ ਸਮੱਸਿਆ ਦਾ ਹੱਲ ਕਰਨ ਵਾਲਾ ਦੱਸਿਆ ਜਿਸ ਨੂੰ ਕਈ ਘੰਟੇ ਬੱਲੇਬਾਜ਼ੀ ਕਰਨਾ ਪਸੰਦ ਹੈ।