ਨਵੀਂ ਦਿੱਲੀ – ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਟੀਮ ਨੇ ਵੈੱਸਟ ਇੰਡੀਜ਼ ਦੌਰੇ ਦੀ ਸ਼ੁਰੂਆਤ ਸੀਰੀਜ਼ ਜਿੱਤ ਦੇ ਨਾਲ ਕੀਤੀ ਹੈ। ਟੀਮ ਨੇ ਤਿੰਨ ਮੈਚਾਂ ਦੀ T-20 ਸੀਰੀਜ਼ ਦੇ ਸ਼ੁਰੂਆਤੀ ਦੋ ਮੈਚ ਜਿੱਤ ਕੇ ਸੀਰੀਜ਼ ‘ਚ ਬੜ੍ਹਤ ਬਣਾ ਲਈ ਸੀ ਅਤੇ ਬਾਅਦ ਵਿੱਚ ਤੀਸਰਾ ਮੈਚ ਜਿੱਤ ਕੇ ਉਸ ਨੇ ਸੀਰੀਜ਼ ਦੀ ਕਲੀਨ ਸਵੀਪ ਵੀ ਪੂਰੀ ਕੀਤੀ। ਭਾਰਤੀ ਟੀਮ ਨੇ ਪਹਿਲਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ ਤਾਂ ਦੂਜਾ ਮੁਕਾਬਲਾ ਡਕਵਰਥ ਲੂਈਸ ਨਿਯਮ (DLS) ਤਹਿਤ ਮੇਜ਼ਬਾਨ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਮੰਗਲਵਾਰ 6 ਅਗਸਤ ਨੂੰ ਨਾਲ ਜਿੱਤ ਕੇ ਸੀਰੀਜ਼ ਵ੍ਹਾਈਟ ਵਾਸ਼ ਕਰ ਦਿੱਤੀ। ਭਾਰਤੀ ਕ੍ਰਿਕਟ ਟੀਮ ਨੂੰ ਵੈੱਸਟ ਇੰਡੀਜ਼ ਦੌਰੇ ‘ਤੇ ਤਿੰਨ ਟੀ-20 ਮੈਚਾਂ ਤੋਂ ਇਲਾਵਾ ਤਿੰਨ ਵਨ ਡੇ ਅਤੇ ਦੋ ਟੈੱਸਟ ਮੈਚਾਂ ਦੀ ਸੀਰੀਜ਼ ਵੀ ਖੇਡਣੀ ਹੈ। ਵੈੱਸਟ ਇੰਡੀਜ਼ ਖ਼ਿਲਾਫ਼ ਟੈੱਸਟ ਮੈਚ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ।
ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਤੀਜੇ T-20 ਮੈਚ ਤੋਂ ਪਹਿਲਾਂ ਵੈੱਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵਿਅਨ ਰਿਚਰਡਜ਼ ਨਾਲ ਮੁਲਾਕਾਤ ਵੀ ਕੀਤੀ। ਮੌਜੂਦਾ ਸਮੇਂ ‘ਚ ਵਿਸ਼ਵ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ‘ਚ ਸ਼ੁਮਾਰ ਵਿਰਾਟ ਨੇ ਟਵਿਟਰ ‘ਤੇ ਵਿਵਿਅਨ ਰਿਚਰਡਜ਼ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਸਭ ਤੋਂ ਵੱਡੇ ਬੌਸ ਦੇ ਨਾਲ।” ਵਿਵਿਅਨ ਰਿਚਰਡਜ਼ ਦੀ ਬੱਲੇਬਾਜ਼ੀ ਦਾ ਲੋਹਾ ਪੂਰੀ ਦੁਨੀਆ ‘ਚ ਮੰਨਿਆ ਜਾਂਦਾ ਸੀ। ਇੱਥੋਂ ਤਕ ਕਿ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵੀ ਉਸ ਨੂੰ ਆਪਣਾ ਰੋਲ ਮੌਡਲ ਮੰਨਦੇ ਹਨ।