ਜਤਿੰਦਰ ਸਿੰਘ
ਸੰਪਰਕ: 94174-78446
ਪੰਜਾਬੀ ਦੀਆਂ ਕੁੱਝ ਹੀ ਫ਼ਿਲਮਾਂ ਵਿੱਚ ਸਹੀ, ਪਰ ਫ਼ਿਲਮਸਾਜ਼ਾਂ ਵਲੋਂ ਸਮਾਜਿਕ ਸਰੋਕਾਰਾਂ ਨੂੰ ਛੂਹਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਰਾਜੀਵ ਕੁਮਾਰ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਫ਼ਿਲਮ ਚੰਮ ਇਸ ਦੀ ਬਿਹਤਰੀਨ ਉਦਾਹਰਣ ਹੈ। ਇਸ ਨੇ ਪੰਜਾਬੀ ਸਿਨਮਾ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਹੈ। ਇਸ ਤੋਂ ਪਹਿਲਾਂ ਵੀ ਉਹ ਹੋਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਸ ਫ਼ਿਲਮ ਨੂੰ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਇਹ ਫ਼ਿਲਮ ਭਗਵੰਤ ਰਸੂਲਪੁਰੀ ਦੀ ਕਹਾਣੀ ਚੰਮ ‘ਤੇ ਆਧਾਰਿਤ ਹੈ ਜੋ ਪੰਜਾਬੀ ਸਮਾਜ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪਹਿਲੂਆਂ ਦੀ ਬਾਰੀਕੀ ਨਾਲ ਪੁਣਛਾਣ ਕਰਦੀ ਹੈ ਅਤੇ ਕਈ ਤਰ੍ਹਾਂ ਦੀਆਂ ਸਮਾਜਿਕ ਊਣਤਾਈਆਂ ਬਾਰੇ ਪ੍ਰਸ਼ਨ ਵੀ ਉਠਾਉਂਦੀ ਹੈ।
ਪੰਜਾਬੀ ਸਮਾਜ ਇਸ ਸਮੇਂ ਜ਼ਾਤ ਦੇ ਵਖਰੇਵੇਂ, ਰਾਜਨੀਤਕ ਮਾਹੌਲ ਅਤੇ ਆਰਥਿਕ ਤੌਰ ‘ਤੇ ਲਤਾੜੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਇਹ ਫ਼ਿਲਮ ਇਨ੍ਹਾਂ ਪਹਿਲੂਆਂ ਨੂੰ ਕੈਮਰੇ ਦੀ ਅੱਖ ਨਾਲ ਦਰਸ਼ਕਾਂ ਤਕ ਪਹੁੰਚਾਉਣ ਦਾ ਉਪਰਾਲਾ ਕਰਦੀ ਹੈ। ਚੰਮ ਫ਼ਿਲਮ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਦਾਸਤਾਂ ਹੈ ਜੋ ਹੱਡਾ ਰੋੜੀ ਭਾਵ ਮਰੇ ਪਸ਼ੂਆਂ ਦੀ ਖੱਲ ਲਾਹੁਣ ਵਾਲੇ ਕਿਰਤੀਆਂ ਦੀ ਗਾਥਾ ਹੈ। ਇਹ ਲੋਕ ਭਾਵੇਂ ਜਾਤੀਵਾਦ ਅਤੇ ਆਰਥਿਕ ਮੰਦਹਾਲੀ ਨਾਲ ਜ਼ਰੂਰ ਗ੍ਰਸਤ ਨਜ਼ਰ ਆਉਂਦੇ ਹਨ, ਪਰ ਮਾਨਸਿਕ ਤੌਰ ‘ਤੇ ਇਹ ਦ੍ਰਿੜ ਇਰਾਦੇ ਵਾਲੇ ਹਨ ਅਤੇ ਮੁਸ਼ਕਿਲ ਸਮੇਂ ਡੋਲਣ ਦੀ ਬਜਾਏ ਉਸ ਦਾ ਡਟ ਕੇ ਮੁਕਾਬਲਾ ਕਰਦੇ ਹਨ।
ਫ਼ਿਲਮ ਦਾ ਮੁੱਖ ਕਿਰਦਾਰ ਕੁਲਦੀਪ ਸਿੰਘ ਉਰਫ਼ ਕੀਪਾ ਦਾ ਹੈ ਜੋ ਖੱਲ ਲਾਹ ਕੇ ਵੇਚਣ ਦਾ ਪਿਤਾ ਪੁਰਖੀ ਕਿੱਤਾ ਕਰਦਾ ਹੈ। ਉਹ ਆਪਣੇ ਨਾਲ ਹੁੰਦੇ ਜ਼ਾਤਵਾਦ ਦੇ ਵਿਤਕਰੇ ਜਾਂ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਨਿਰਾਸ਼ ਨਹੀਂ ਹੁੰਦਾ। ਉਹ ਰਾਜਨੀਤਕ ਪੈਂਤੜਿਆਂ ਤੋਂ ਵੀ ਭਲੀ ਭਾਂਤ ਵਾਕਿਫ਼ ਹੈ ਅਤੇ ਰਾਜਨੀਤੀ ਦੀਆਂ ਚਾਲਾਂ ਨੂੰ ਖ਼ੂਬ ਸਮਝਦਾ ਹੈ ਜਿਸ ਨਾਲ ਉਹ ਹੋਰ ਲੋਕਾਂ ਨੂੰ ਇਸ ਤੋਂ ਅਗਾਹ ਵੀ ਕਰਵਾਉਂਦਾ ਹੈ। ਇਸ ਫ਼ਿਲਮ ਦੇ ਕਿਰਦਾਰਾਂ ਦੀ ਖ਼ੂਬੀ ਇਸ ਗੱਲ ਵਿੱਚ ਹੈ ਕਿ ਉਹ ਮੁਸ਼ਕਿਲ ਸਮੇਂ ‘ਤੇ ਜੀਵਨ ਤੋਂ ਨਿਰਾਸ਼ ਨਹੀਂ ਹੁੰਦੇ ਸਗੋਂ ਜ਼ਿੰਦਗੀ ਪ੍ਰਤੀ ਹਾਂ ਪੱਖੀ ਵਤੀਰਾ ਰੱਖਦੇ ਹਨ ਜੋ ਅੱਜ ਦੇ ਪੰਜਾਬ ਦੇ ਕਿਸਾਨ ਜਾਂ ਉੱਚ ਜ਼ਾਤ ਦੇ ਲੋਕਾਂ ਵਿੱਚ ਨਜ਼ਰ ਨਹੀਂ ਆਉਂਦਾ। ਫ਼ਿਲਮਸਾਜ਼ ਇਸ ਵਿੱਚ ਸੁਚੇਤ ਪੱਧਰ ‘ਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਰੁਚਿਤ ਹੁੰਦਾ ਹੈ, ਪਰ ਅਜਿਹੇ ਵਿੱਚ ਉਹ ਯਥਾਰਥਵਾਦੀ ਸਥਿਤੀ ਪੈਦਾ ਕਰ ਦਿੰਦਾ ਹੈ ਜਿਸ ਨਾਲ ਦਰਸ਼ਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ।
ਦੂਜੇ ਪਾਸੇ ਅਰਦਾਸ ਕਰਾਂ ਫ਼ਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਤਿਆਰ ਹੋ ਕੇ ਦਰਸ਼ਕਾਂ ਸਾਹਮਣੇ ਆਈ ਹੈ। ਇਸ ਫ਼ਿਲਮ ਵਿੱਚ ਹਾਸ ਕਲਾਕਾਰਾਂ ਵਲੋਂ ਸੰਜੀਦਗੀ ਨਾਲ ਸਮਾਜਿਕ ਪਹਿਲੂਆਂ ਨੂੰ ਦਰਸ਼ਕਾਂ ਅੱਗੇ ਰੱਖਿਆ ਗਿਆ ਹੈ। ਜਿੱਥੇ ਚੰਮ ਹਿੰਦੋਸਤਾਨੀ ਪੰਜਾਬ ਅੰਦਰ ਜ਼ਾਤਪਾਤ ਦੀਆਂ ਹੱਦਾਂ ਨੂੰ ਟੱਪ ਕੇ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਉੱਥੇ ਅਰਦਾਸ ਕਰਾਂ ਰਾਹੀਂ ਸੁਚੇਤ ਤੌਰ ‘ਤੇ ਹਿੰਦੂ, ਸਿੱਖ, ਮੁਸਲਮਾਨ ਧਰਮ ਅਤੇ ਜ਼ਾਤਵਾਦ ਦੀਆਂ ਹੱਦਾਂ ਨੂੰ ਤੋੜਨ ਦਾ ਉਪਰਾਲਾ ਕੀਤਾ ਗਿਆ ਹੈ, ਪਰ ਅਚੇਤ ਤੌਰ ‘ਤੇ ਫ਼ਿਲਮਸਾਜ਼ ਅਤੇ ਕਿਰਦਾਰ ਆਪ ਹੀ ਇਨ੍ਹਾਂ ਮੁੱਦਿਆਂ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਹਨ।
ਅਰਦਾਸ ਕਰਾਂ ਫ਼ਿਲਮ ਦੇ ਸਾਰੇ ਕਿਰਦਾਰਾਂ ਦਾ ਸਬੰਧ ਪਰਵਾਸ ਨਾਲ ਹੈ। ਫ਼ਿਲਮ ਦੇ ਸਾਰੇ ਕਿਰਦਾਰ ਪਰਵਾਸੀ ਜੀਵਨ ਕਾਰਨ ਉਪਜੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਪੇਚੀਦਗੀਆਂ ਤੋਂ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਅੱਗੇ ਆਰਥਿਕ ਅਤੇ ਸਮਾਜਿਕ ਰੁਤਬੇ ਵਰਗੇ ਗੰਭੀਰ ਮੁੱਦੇ ਨਹੀਂ ਹਨ। ਉਹ ਆਪਣੀਆਂ ਮਾਨਸਿਕ ਗੁੰਝਲਾਂ ਤੋਂ ਹੀ ਪਰੇਸ਼ਾਨ ਹਨ। ਫ਼ਿਲਮਸਾਜ਼ ਸੁਚੇਤ ਪੱਧਰ ‘ਤੇ ਨਵੇਂ ਤਜਰਬੇ ਕਰਦਾ ਹੈ, ਪਰ ਮੁਹਾਰਤ ਅਤੇ ਤਜਰਬੇ ਦੀ ਘਾਟ ਹੋਣ ਕਰ ਕੇ ਫ਼ਿਲਮ ਵਿੱਚ ਕਈ ਸਥਿਤੀਆਂ ਨੂੰ ਹਾਸੋਹੀਣੀਆਂ ਬਣਾ ਦਿੰਦਾ ਹੈ। ਉਦਾਹਰਣ ਵਜੋਂ ਜਦੋਂ ਲਾਹੌਰੀਏ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਧੱਕੇ ਨਾਲ ਮਾਝੀ ਬੋਲੀ ਵਾਲੇ ਸੰਵਾਦ ਬੁਲਾਏ ਜਾਂਦੇ ਹਨ। ਅਰਦਾਸ ਕਰਾਂ ਫ਼ਿਲਮ ਦੇ ਕਿਰਦਾਰ ਚੰਮ ਫ਼ਿਲਮ ਦੇ ਕਿਰਦਾਰਾਂ ਵਾਂਙ ਸਥਿਤੀਆਂ ਅਤੇ ਸਮੱਸਿਆਵਾਂ ਨਾਲ ਜੂਝਦੇ ਨਜ਼ਰ ਨਹੀਂ ਆਉਂਦੇ ਸਗੋਂ ਸਮੱਸਿਆਵਾਂ ਤੋਂ ਭੱਜਦੇ ਅਤੇ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਹਨ। ਇਸ ਫ਼ਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਹਾਸਰਸ ਦੀਆਂ ਫ਼ਿਲਮਾਂ ਤੋਂ ਮੋੜਾ ਪਾ ਕੇ ਫ਼ਿਲਮਸਾਜ਼ਾਂ ਦਾ ਸਮਾਜਿਕ ਮੁੱਦਿਆਂ ਵੱਲ ਧਿਆਨ ਜਾਣਾ ਜਿਸ ਨਾਲ ਦਰਸ਼ਕ ਨੂੰ ਪਰਵਾਸੀ ਜੀਵਨ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ ਹੈ।