ਜੰਮੂ – ਧਾਰਾ-370 ਨੂੰ ਖ਼ਤਮ ਕਰਨ ਤੋਂ ਬਾਅਦ ਜਿੱਥੇ ਇੱਕ ਪਾਸੇ ਜੰਮੂ ਅਤੇ ਕਸ਼ਮੀਰ ‘ਚ ਮਹੌਲ ਗਰਮਾਇਆ ਹੋਇਆ ਹੈ, ਉੱਥੇ ਕਸ਼ਮੀਰ ਤੋਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਉਹ ਬੂਟ ਪਾਲਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਧੋਨੀ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ‘ਚ ਉਹ ਫ਼ੌਜ ਦੇ ਸਾਥੀ ਜਵਾਨਾਂ ਨਾਲ ਵਾਲੀਬਾਲ ਖੇਡਦਾ ਦਿਖਾਈ ਦਿੱਤਾ ਸੀ।
ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਧੋਨੀ ਇੱਕ ਕਮਰੇ ‘ਚ ਬੈਠਾ ਹੋਇਐ। ਉਸ ਨੇ ਫ਼ੌਜ ਦੀ ਵਰਦੀ ਪਾਈ ਹੋਈ ਹੈ ਅਤੇ ਬੂਟ ਪਾਲਿਸ਼ ਕਰ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਕਿਸੇ ਟ੍ਰੇਨਿੰਗ ‘ਤੇ ਜਾਣ ਦੀ ਤਿਆਰੀ ‘ਚ ਹੈ। ਇਸ ਛੋਟੇ ਕੰਮਰੇ ‘ਚ ਇੱਕ ਬੈੱਡ ਲੱਗਿਆ ਹੋਇਆ ਹੈ ਅਤੇ ਇੱਕ ਛੋਟੀ ਸਧਾਰਣ ਕੁਰਸੀ, ਜਿਸ ਤਰ੍ਹਾਂ ਫ਼ੌਜ ਦੇ ਜਵਾਨਾਂ ਦੇ ਕਮਰੇ ‘ਚ ਵੀ ਹੁੰਦੀ ਹੈ, ‘ਤੇ ਬੈਠ ਕੇ ਧੋਨੀ ਆਪਣੇ ਬੂਟ ਪਾਲਿਸ਼ ਕਰ ਰਿਹਾ ਹੈ।
ਧੋਨੀ ਫ਼ਿਲਹਾਲ ਦੱਖਣੀ ਕਸ਼ਮੀਰ ‘ਚ ਵਿਕਟਰ ਫ਼ੋਰਸ ਦੇ ਨਾਲ ਟ੍ਰੇਨਿੰਗ ‘ਤੇ ਹੈ। ਡਿਊਟੀ ਸੰਭਾਲਣ ਤੋਂ ਬਾਅਦ ਧੋਨੀ ਦੀ ਪਹਿਲੀ ਝਲਕ ਐਤਵਾਰ ਨੂੰ ਦਿਖੀ ਸੀ। ਜ਼ਿਕਰਯੋਗ ਹੈ ਕਿ ਧੋਨੀ ਨੇ 31 ਜੁਲਾਈ ਨੂੰ ਡਿਊਟੀ ਸ਼ੁਰੂ ਕੀਤੀ ਸੀ ਅਤੇ ਉਹ 15 ਅਗਸਤ ਤਕ ਆਪਣੀ ਬਟਾਲੀਅਨ ਦੇ ਨਾਲ ਰਹੇਗਾ ਜਿਸ ਦੌਰਾਨ ਉਹ ਪੈਟ੍ਰੋਲਿੰਗ, ਗਾਰਡ ਅਤੇ ਪੋਸਟ ਡਿਊਟੀ ਦੀ ਜ਼ਿੰਮੇਵਾਰੀ ਸੰਭਾਲੇਗਾ।