ਚੰਡੀਗੜ੍ਹ : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦਾ ਦਾਖਾਂ ਤੋਂ ਵਿਧਾਇਕੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਸ਼ੁੱਕਰਵਾਰ ਨੂੰ ਮਨਜ਼ੂਰ ਹੋ ਗਿਆ ਹੈ। ਆਪਣਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਫੂਲਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੇਅਦਬੀਆਂ ਦੇ ਮੁੱਦੇ ‘ਤੇ ਅਸਤੀਫਾ ਦਿੱਤਾ ਸੀ ਤਾਂ ਦਾਖਾਂ ਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਫੂਲਕਾ ਨੇ ਕਿਹਾ ਕਿ ਹੁਣ ਦਾਖਾਂ ‘ਚ ਜ਼ਿਮਨੀ ਚੋਣ ਵੀ ਜਲਾਲਾਬਾਦ ਅਤੇ ਫਗਵਾੜਾ ਦੀਆਂ ਚੋਣਾਂ ਦੇ ਨਾਲ ਹੀ ਹੋ ਜਾਣੀ ਚਾਹੀਦੀ ਹੈ।
ਖਹਿਰਾ ਅਤੇ ਹੋਰ ਵਿਧਾਇਕਾਂ ਦੇ ਅਸਤੀਫੇ ਬਾਰੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਦਾ ਕੁਝ ਹੋਰ ਹੈ ਕਿਉਂਕਿ ਉਨ੍ਹਾਂ ਦੇ ਅਸਤੀਫੇ ਅਹੁਦਿਆਂ ਨੂੰ ਲੈ ਕੇ ਹਨ, ਜਦੋਂ ਕਿ ਮੇਰਾ ਅਸਤੀਫਾ ਬੇਅਦਬੀਆਂ ਦੇ ਮਾਮਲੇ ‘ਚ ਸੀ। ਫੂਲਕਾ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਪਰ ਇਕ ਸਮਾਜ ਸੇਵੀ ਦੇ ਤੌਰ ‘ਤੇ ਉਨ੍ਹਾਂ ਦੇ ਸਾਰੇ ਕੰਮ ਚੱਲਦੇ ਰਹਿਣਗੇ ਅਤੇ ਦਾਖਾਂ ਦੇ ਵਿਕਾਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।ਫੂਲਕਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਬਾਦਲਾਂ ਦੇ ਅਧੀਨ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਦੇ ਨੇੜੇ ਨਹੀਂ ਲੱਗਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਵੀ ਜਲਦ ਹੀ ਕਰਵਾ ਲਈਆਂ ਜਾਣਗੀਆਂ।