ਇਸਲਾਮਾਬਾਦ— ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਤੋਂ ਲੈ ਕੇ ਅਮਰੀਕਾ, ਚੀਨ ਤੱਕ ਦਾ ਦਰਵਾਜ਼ਾ ਖੜਕਾ ਚੁੱਕੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਖਾਸ ਤਵੱਜੋ ਨਹੀਂ ਮਿਲ ਰਹੀ ਹੈ। ਡਿਪਲੋਮੈਟਿਕ ਸੂਤਰਾਂ ਦੇ ਮੁਤਾਬਕ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਕਸ਼ਮੀਰ ‘ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ ਸਰਹੱਦ ‘ਤੇ ਅੱਤਵਾਦੀ ਘੁਸਪੈਠ ਨਾ ਕਰਨ ਲਈ ਕਿਹਾ ਗਿਆ ਹੈ। ਪਾਕਿਸਤਾਨ ਵਲੋਂ ਸਹਿਯੋਗ ਦੇ ਲਈ ਚੁੱਕੇ ਜਾ ਰਹੇ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੇ ਡਿਪਲੋਮੈਟ ਨੇ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ ਮਸਲੇ ‘ਤੇ ਬੇਹੱਦ ਘੱਟ ਤਵੱਜੋ ਮਿਲੀ ਹੈ।
ਭਾਰਤ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਤੇ ਇਹ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਕਿਸੇ ਨੂੰ ਵੀ ਇਸ ‘ਚ ਦਖਲ ਨਹੀਂ ਕਰਨੀ ਚਾਹੀਦੀ। ਉਥੇ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਚੋਟੀ ਦੇ ਨੇਤਾ ਤੇ ਉਨ੍ਹਾਂ ਦੇ ਡਿਪਲੋਮੈਟ ਲਗਾਤਾਰ ਅਮਰੀਕੀ ਸੰਸਦ ਮੈਂਬਰਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਵਿਚੋਲਗੀ ਨੂੰ ਕਹਿ ਰਹੇ ਹਨ। ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਜੇਕਰ ਵਿਚੋਲਗੀ ਨਹੀਂ ਹੋਈ ਤਾਂ ਜੰਗ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਸਲਾਮਾਬਾਦ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਸਥਿਤੀ ਤਣਾਅਪੂਰਨ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਖਿੱਚਣ ਦੀ ਇਕ ਚਾਲ ਹੈ। ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨਵੀਂ ਅਸਲੀਅਤ ਦਾ ਸਾਹਮਣਾ ਕਰੇ ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣਾ ਬੰਦ ਕਰੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੂੰ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਖੇਤਰ ‘ਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਦੀ ਉਸ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇਹ ਪੁਖਤਾ ਕਰਨ ਲਈ ਕਿਹਾ ਕਿ ਉਹ ਸਰਹੱਦ ‘ਤੇ ਘੁਸਪੈਠ ਜਿਹਾ ਕਦਮ ਨਾ ਚੁੱਕਿਆ ਜਾਵੇ, ਜਿਸ ਨਾਲ ਸ਼ਾਂਤੀ ਤੇ ਸੁਰੱਖਿਆ ਨੂੰ ਨੁਕਸਾਨ ਪਹੁੰਚੇ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਨੇਤਾਵਾਂ ਤੇ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਕੁਝ ਵੀ ਕਰਨ ਪਰ ਅੱਤਵਾਦ ਦੀ ਵਰਤੋਂ ਨਾ ਕਰਨ। ਅੱਤਵਾਦ ਨੂੰ ਵਿੱਤ ਪੋਸ਼ਣ ਮੁਹੱਈਆ ਨਾ ਕਰਾਉਣ ਦੀ ਆਪਣੀ ਵਚਨਬੱਧਤਾ ਪੂਰੀ ਨਾ ਕਰਨ ਨੂੰ ਲੈ ਕੇ ਪਾਕਿਸਤਾਨ ‘ਤੇ ‘ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ ਵਲੋਂ ਕਾਲੀ ਸੂਚੀ ‘ਚ ਸ਼ਾਮਲ ਕਰਨ ਦਾ ਖਤਰਾ ਮੰਡਰਾ ਰਿਹਾ ਹੈ। ਦੋ ਡਿਪਲੋਮੈਟਿਕ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਭਾਈਚਾਰਾ ਸਥਿਤੀ ‘ਤੇ ਨੇੜੇਓਂ ਨਜ਼ਰ ਰੱਖ ਰਿਹਾ ਹੈ।