ਅਬੋਹਰ : ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਦੇ ਮਾਮਲੇ ‘ਚ ਸ਼ਰਾਬ ਵਪਾਰੀ ਅਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਵਿਦੇਸ਼ ਜਾਣ ‘ਤੇ ਰੋਕ ਲਾਉਣ ਲਈ ਡੈਬਟਸ ਰਿਕਵਰੀ ਟ੍ਰਿਬਿਊਨਲ ਨੇ ਚੰਡੀਗੜ੍ਹ, ਦਿੱਲੀ ਅਤੇ ਜਲੰਧਰ ਸਥਿਤ ਪਾਸਪੋਰਟ ਅਧਿਕਾਰੀਆਂ ਨੂੰ ਇਨ੍ਹਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਨੈਸ਼ਨਲ ਬੈਂਕ ਵੱਲੋਂ ਟ੍ਰਿਬਿਊਨਲ ਕੋਲ ਦਾਇਰ ਕੀਤੀ ਗਈ ਅਪੀਲ ‘ਚ ਕਿਹਾ ਗਿਆ ਸੀ ਕਿ ਇਨ੍ਹਾਂ ਲੋਕਾਂ ਵਿਰੁੱਧ 17 ਕਰੋੜ 58 ਲੱਖ ਰੁਪਏ ਦਾ ਕਰਜ਼ਾ ਵਸੂਲੀ ਦਾ ਬਕਾਇਆ ਹੈ। ਇਨ੍ਹਾਂ ਦੀ ਜਾਇਦਾਦ ਇੰਨੀ ਰਾਸ਼ੀ ਵਸੂਲ ਕਰਨ ਲਈ ਕਾਫੀ ਨਹੀਂ ਹੈ। ਖਦਸ਼ਾ ਹੈ ਕਿ ਕਿਤੇ ਵਸੂਲੀ ਨੂੰ ਪ੍ਰਭਾਵਿਤ ਕਰਨ ਲਈ ਸਾਰੇ ਵਿਦੇਸ਼ ਨਾ ਚਲੇ ਜਾਣ।
ਅਪੀਲ ‘ਚ ਜਿਨ੍ਹਾਂ ਲੋਕਾਂ ਨੂੰ ਵਸੂਲੀ ਲਈ ਕਿਹਾ ਗਿਆ ਹੈ, ਉਨ੍ਹਾਂ ‘ਚ ਗਗਨ ਵਾਈਨ ਟਰੇਡਰਜ਼ ਨਵੀਂ ਦਿੱਲੀ, ਸ਼ਿਵ ਲਾਲ ਡੋਡਾ, ਉਸ ਦੇ ਭਰਾ ਜੋਗਿੰਦਰ ਪਾਲ ਡੋਡਾ ਅਤੇ ਅਵਿਨਾਸ਼ ਡੋਡਾ, ਜੋਗਿੰਦਰ ਦਾ ਬੇਟਾ ਸਨਲ ਡੋਡਾ, ਸ਼ਿਵ ਲਾਲ ਡੋਡਾ ਦੀ ਪਤਨੀ ਸੁਨੀਤਾ ਡੋਡਾ, ਪੁੱਤਰ ਗਗਨ ਡੋਡਾ, ਨੂੰਹ ਸੁਹਾਨੀ ਡੋਡਾ, ਗਾਰੰਟਰ ਰਾਜਿੰਦਰ ਅਰੋੜਾ ਵਾਸੀ ਨਿਊ ਸੂਰਜ ਨਗਰੀ, ਉਸ ਦੀ ਪਤਨੀ ਵੀਨਾ ਅਤੇ ਡੋਡਾ ਪਰਿਵਾਰ ਦੀ ਫਾਜ਼ਿਲਕਾ ਰੋਡ ਸਥਿਤ ਫਰਮ ਗਗਨ ਵਾਸੂ ਸਿਨੇ ਲਿੰਕਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਦੀ ਗਊਸ਼ਾਲਾ ਰੋਡ ਅਬੋਹਰ ਬ੍ਰਾਂਚ ਦੀ ਅਪੀਲ ‘ਤੇ ਕੁਲ 55 ਕਰੋੜ ਰੁਪਏ ਵਸੂਲੀ ‘ਚ ਡੋਡਾ ਪਰਿਵਾਰ ਅਤੇ ਉਸ ਦੀ ਗਾਰੰਟੀ ਦੇਣ ਲਈ ਕੁਝ ਅਬੋਹਰ ਵਾਸੀਆਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ ਗਈਆਂ ਸਨ। ਟ੍ਰਿਬਿਊਨਲ ‘ਚ ਬੈਂਕ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ 30 ਦਿਨਾਂ ਦੇ ਅੰਦਰ ਸਾਰੇ ਨਾਮਜ਼ਦ ਵਿਅਕਤੀਆਂ ਨੂੰ ਸਮੰਨ ਭੇਜਣ। ਨਾਲ ਹੀ ਲੋਕਲ ਕਮਿਸ਼ਨਰ ਦੇ ਰੂਪ ‘ਚ ਰੋਹਿਤ ਕੌਸ਼ਿਕ ਐਡਵੋਕੇਟ ਦੀ ਨਿਯੁਕਤੀ ਕਰਦੇ ਹੋਏ ਸਾਰੀਆਂ ਜਾਇਦਾਦਾਂ ਦਾ ਮੌਕੇ ‘ਤੇ ਨਿਰੀਖਣ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਨਿਰੀਖਣ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।