ਜੰੰਮੂ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸ਼ਾਂਤੀ ਦਾ ਮਾਹੌਲ ਹੈ। ਜੰਮੂ ਤੋਂ ਜਿੱਥੇ ਧਾਰਾ-144 ਹਟਾ ਲਈ ਗਈ ਹੈ, ਉੱਥੇ ਹੀ ਕਸ਼ਮੀਰ ‘ਚ ਕੁਝ ਥਾਂਵਾਂ ‘ਤੇ ਕਰਫਿਊ ‘ਚ ਢਿੱਲ ਦਿੱਤੀ ਗਈ ਹੈ। 12 ਅਗਸਤ ਯਾਨੀ ਕੱਲ ਬਕਰੀਦ ਦਾ ਤਿਉਹਾਰ ਮਨਾਇਆ ਜਾਣ ਵਾਲਾ ਹੈ। ਇਸ ਤਿਉਹਾਰ ਨੂੰ ਦੇਖਦਿਆਂ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ, ਅਜਿਹੇ ਵਿਚ ਹੁਣ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵਲੋਂ ਘਰਾਂ ਤਕ ਸਬਜ਼ੀਆਂ ਅਤੇ ਐੱਲ. ਪੀ. ਜੀ. ਭੇਜੀ ਜਾ ਰਹੀ ਹੈ, ਤਾਂ ਕਿ ਲੋਕਾਂ ਨੂੰ ਇਸ ਤਿਉਹਾਰ ਨੂੰ ਮਨਾਉਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ।
ਛੁੱਟੀ ਵਾਲੇ ਦਿਨ ਵੀ ਬੈਂਕ, ਏ. ਟੀ. ਐੱਮ. ਅਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਜ਼ਰੂਰੀ ਸਾਮਾਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਓਧਰ ਪੁਲਸ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਅਤੇ ਭੜਕਾਊ ਖ਼ਬਰਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ ਡਵੀਜ਼ਨ ਨੇ 10 ਜ਼ਿਲਿਆਂ ਤੋਂ ਕਰਫਿਊ ਹਟਾ ਲਿਆ ਗਿਆ ਹੈ। ਫਿਲਹਾਲ ਇੰਟਰਨੈੱਟ ਸੇਵਾ ਨੂੰ ਅਜੇ ਬੰਦ ਰੱਖਿਆ ਗਿਆ ਹੈ।