ਚੰਡੀਗੜ੍ਹ—ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਗਠਜੋੜ ਹੋ ਗਿਆ ਹੈ। ਅੱਜ ਭਾਵ ਐਤਵਾਰ ਨੂੰ ਦਿੱਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦੁਸ਼ਯੰਤ ਚੌਟਾਲਾ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਦੱਸਿਆ ਹੈ ਕਿ ਦੋਵੇਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੀਆਂ ਕਈ ਬੈਠਕਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਚੌਟਾਲਾ ਨੇ ਦੱਸਿਆ ਕਿ ਹਰਿਆਣਾ ‘ਚ ਵਿਧਾਨ ਸਭਾ ਦੀਆਂ 90 ਸੀਟਾਂ ‘ਚੋਂ ਹੁਣ 50 ਸੀਟਾਂ ‘ਤੇ ਜੇ. ਜੇ. ਪੀ. ਅਤੇ 40 ਸੀਟਾਂ ‘ਤੇ ਬਸਪਾ ਚੋਣਾਂ ਲੜੇਗੀ।
ਦੱਸ ਦੇਈਏ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਮੁਖੀ ਓਮ ਪ੍ਰਕਾਸ਼ ਚੌਟਾਲਾ ਸਿੱਖਿਆ ਭਰਤੀ ਘੋਟਾਲੇ ਸੰਬੰਧੀ ਜੇਲ ‘ਚ ਹੈ। ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਨੇ ਇਨੈਲੋ ਨਾਲੋ ਰਿਸ਼ਤਾ ਤੋੜ ਲਿਆ ਹੈ ਅਤੇ ਇਸ ਸਾਲ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਬਣਾਈ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੇ.ਜੇ.ਪੀ ਨੇ ‘ਆਪ’ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸੀ ਪਰ ਦੂਜੇ ਪਾਸੇ ਬਸਪਾ ਨੇ ਇਨੈਲੋ ਨਾਲ ਗਠਜੋੜ ਕੀਤਾ ਸੀ। ਅਜੈ ਚੌਟਾਲਾ ਦੇ ਬੇਟੇ ਦੁਸ਼ਯੰਤ ਚੌਟਾਲਾ ਨੇ ਹਿਸਾਰ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ ਸੀ।