ਤਿਰੁਅਨੰਤਪੁਰਮ— ਕੇਰਲ ਦੇ ਕਈ ਹਿੱਸਿਆਂ ‘ਚ ਬਾਰਸ਼ ਦਾ ਪਾਣੀ ਘੱਟਣ ਲੱਗਾ ਹੈ ਅਤੇ ਮਲਪੁਰਮ ਅਤੇ ਵਾਇਨਾਡ ‘ਚ ਜ਼ਮੀਨ ਖਿੱਸਕਣ ਨਾਲ ਪ੍ਰਭਾਵਿਤ ਕਵਲਪਰਾ ਅਤੇ ਪੁਥੁਮਾਲਾ ਇਲਾਕਿਆਂ ‘ਚ ਤਲਾਸ਼ ਮੁਹਿੰਮ ਹਾਲੇ ਵੀ ਜਾਰੀ ਹੈ। ਰਾਜ ‘ਚ ਬਾਰਸ਼ ਨਾਲ ਹੋਣ ਵਾਲੀਆਂ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ ਅਤੇ 2.87 ਲੱਖ ਲੋਕ ਰਾਹਤ ਕੈਂਪਾਂ ‘ਚ ਸ਼ਰਨ ਲਏ ਹੋਏ ਹਨ। ਰਾਜ ‘ਚ 58 ਵਿਅਕਤੀ ਹਾਲੇ ਵੀ ਲਾਪਤਾ ਹਨ। ਇਨ੍ਹਾਂ ‘ਚੋਂ 50 ਲੋਕ ਮਲਪੁਰਮ ਤੋਂ ਹਨ। ਉੱਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ, ਜੋ ਰਾਜ ‘ਚ ਸਭ ਤੋਂ ਵਧ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਰਲ ‘ਚ ਹਨ। ਸੋਮਵਾਰ ਸਵੇਰੇ ਉਨ੍ਹਾਂ ਨੇ ਵਾਇਨਾਡ ਸੰਸਦੀ ਖੇਤਰ ਦੇ ਪਰਬਤੀ ਸ਼ਹਿਰ ਤਿਰੂਵਮਬਾਡੀ ‘ਚ ਇਕ ਰਾਹਤ ਕੈਂਪ ਦਾ ਦੌਰਾ ਕੀਤਾ। ਰਾਹੁਲ ਗਾਂਧੀ ਵਾਇਨਾਡ ਤੋਂ ਸੰਸਦ ਮੈਂਬਰ ਹਨ।
ਕੈਂਪ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ,”ਸੰਕਟ ਦੀ ਇਸ ਘੜੀ ‘ਚ ਅਸੀਂ ਸਾਰੇ ਤੁਹਾਡੇ ਨਾਲ ਹਾਂ।” ਉਨ੍ਹਾਂ ਨੇ ਕਾਂਗਰਸ ਅਤੇ ਯੂ.ਡੀ.ਐੱਫ. ਦੇ ਵਰਕਰਾਂ ਨੂੰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,”ਮੈਂ ਇੱਥੇ ਬਹੁਤ ਦੁਖੀ ਮਨ ਨਾਲ ਇਆ ਹਾਂ। ਵਾਇਨਾਡ ‘ਚ ਜ਼ਬਰਦਸਤ ਤ੍ਰਾਸਦੀ ਹੈ। ਮੈਂ ਜਾਣਦਾ ਹਾਂ ਕਿ ਅੱਜ ਤਿਉਹਾਰ ਹੈ। ਇਸ ਦੇ ਬਾਵਜੂਦ ਅੱਜ ਖੁਸ਼ੀ ਦਾ ਮਾਹੌਲ ਨਹੀਂ ਹੈ। ਫਿਰ ਵੀ ਮੈਂ ਤੁਹਾਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।” ਇਸ ਦੌਰਾਨ ਕੇਰਲ ਯੂਨੀਵਰਸਿਟੀ ਨੇ ਵੀ 13 ਅਗਸਤ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਸਵੇਰੇ 11 ਵਜੇ ਤੱਕ ਦੇ ਅਧਿਕਾਰਤ ਅਪਡੇ ਅਨੁਸਾਰ ਰਾਜ ‘ਚ 1,654 ਕੈਂਪਾਂ ‘ਚ 2,87,585 ਲੋਕਾਂ ਨੇ ਆਸਰਾ ਲਿਆ ਹੈ। 8 ਅਗਸਤ ਤੋਂ ਹੁਣ ਤੱਕ ਮਲਪੁਰਮ ਤੋਂ 24, ਕੋਝੀਕੋਡ ਤੋਂ 17 ਅਤੇ ਵਾਇਨਾਡ ਤੋਂ 12 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ।