ਜੰਮੂ— ਇਕ-ਦੂਜੇ ਦੇ ਵਿਰੋਧੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਧਾਰਾ-370 ਹਟਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰਿ ਨਿਵਾਸ ਮਹਿਲ ‘ਚ ਹਿਰਾਸਤ ‘ਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਦੋਹਾਂ ਦਰਮਿਆਨ ਵਿਵਾਦ ਇੰਨਾ ਵਧ ਗਿਆ ਕਿ ਉਨ੍ਹਾਂ ਨੂੰ ਵੱਖ ਕਰਨਾ ਪਿਆ। ਦਰਅਸਲ ਦੋਵੇਂ ਇਕ-ਦੂਜੇ ‘ਤੇ ਰਾਜ ‘ਚ ਭਾਰਤੀ ਜਨਤਾ ਪਾਰਟੀ ਨੂੰ ਲਿਆਉਣ ਦਾ ਦੋਸ਼ ਲੱਗਾ ਰਹੇ ਸਨ। ਜ਼ਿਕਰਯੋਗ ਹੈ ਕਿ ਪੀ.ਡੀ.ਪੀ. ਨੇਤਾ ਮਹਿਬੂਬਾ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਨੇ ਕੇਂਦਰ ‘ਚ ਪੀ.ਐੱਮ. ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਤੇ ਹਮਲਾ ਬੋਲਿਆ ਸੀ। ਇਸ ਦੌਰਾਨ ਉਮਰ ਮਹਿਬੂਬਾ ‘ਤੇ ਚੀਕਣ ਲੱਗੇ। ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਮੁਫ਼ਤੀ ਮੁਹੰਮਦ ਸਈਅਦ ‘ਤੇ ਭਾਜਪਾ ਨਾਲ 2015 ਅਤੇ 2018 ‘ਚ ਗਠਜੋੜ ਕਰਨ ਲਈ ਮੇਹਣਾ ਮਾਰ ਦਿੱਤਾ।
ਇਕ-ਦੂਜੇ ‘ਤੇ ਲਗਾਏ ਗੰਭੀਰ ਦੋਸ਼
ਸੂਤਰਾਂ ਅਨੁਸਾਰ ਦੋਹਾਂ ਨੇਤਾਵਾਂ ਦਰਮਿਆਨ ਜੰਮ ਕੇ ਕਹਾਸੁਣੀ ਹੋਈ, ਜਿਸ ਨੂੰ ਉੱਥੇ ਮੌਜੂਦ ਸਟਾਫ਼ ਨੇ ਵੀ ਸੁਣਿਆ। ਪੀ.ਡੀ.ਪੀ. (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਚੀਫ ਮਹਿਬੂਬਾ ਨੇ ਨੈਸ਼ਨਲ ਕਾਨਫਰੰਸ ਉੱਪ ਪ੍ਰਧਾਨ ਉਮਰ ਅਬਦੁੱਲਾ ਨੂੰ ਜੰਮ ਕੇ ਜਵਾਬ ਦਿੱਤਾ। ਮਹਿਬੂਬਾ ਨੇ ਉਮਰ ਨੂੰ ਯਾਦ ਦਿਵਾਇਆ ਕਿ ਫਾਰੂਕ ਅਬਦੁੱਲਾ ਦਾ ਗਠਜੋੜ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਐੱਨ.ਡੀ.ਏ. ਨਾਲ ਸੀ। ਇਕ ਅਧਿਕਾਰੀ ਨੇ ਦੱਸਿਆ,”ਉਨ੍ਹਾਂ ਨੇ ਜ਼ੋਰ ਨਾਲ ਉਮਰ ਨੂੰ ਕਿਹਾ ਕਿ ਤੁਸੀਂ ਤਾਂ ਵਾਜਪਾਈ ਸਰਕਾਰ ‘ਚ ਵਿਦੇਸ਼ ਮਾਮਲਿਆਂ ‘ਚ ਜੂਨੀਅਰ ਮਿਨੀਸਟਰ ਸੀ।” ਮਹਿਬੂਬਾ ਨੇ ਉਮਰ ਦੇ ਦਾਦਾ ਸ਼ੇਖ ਅਬਦੁੱਲਾ ਨੂੰ ਵੀ 1947 ‘ਚ ਜੰਮੂ-ਕਸ਼ਮੀਰ ਦੇ ਭਾਰਤ ‘ਚ ਸ਼ਾਮਲ ਕਰਨ ਲਈ ਜ਼ਿੰਮੇਵਾਰ ਠਹਿਰਾ ਦਿੱਤਾ।
ਵਿਵਾਦ ਕਾਰਨ ਦੋਹਾਂ ਨੂੰ ਰੱਖਿਆ ਗਿਆ ਵੱਖ
ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦਰਮਿਆਨ ਵਿਵਾਦ ਵਧਣ ‘ਤੇ ਇਹ ਫੈਸਲਾ ਕੀਤਾ ਗਿਆ ਕਿ ਦੋਹਾਂ ਨੂੰ ਵੱਖ ਰੱਖਿਆ ਜਾਵੇ। ਉਮਰ ਨੂੰ ਮਹਾਦੇਵ ਪਹਾੜੀ ਕੋਲ ਚੇਸ਼ਮਾਸ਼ਾਹੀ ‘ਚ ਜੰਗਲਾਤ ਵਿਭਾਗ ਦੇ ਭਵਨ ‘ਚ ਰੱਖਿਆ ਗਿਆ ਹੈ, ਜਦੋਂ ਕਿ ਮਹਿਬੂਬਾ ਹਰਿ ਨਿਵਾਸ ਮਹਿਲ ‘ਚ ਹੀ ਹੈ। ਝਗੜੇ ਤੋਂ ਪਹਿਲਾਂ ਉਮਰ ਹਰਿ ਨਿਵਾਸ ਦੀ ਗਰਾਊਂਡ ਫਲੋਰ ‘ਤੇ ਸੀ ਅਤੇ ਮਹਿਬੂਬਾ ਪਹਿਲੀ ਮੰਜ਼ਲ ‘ਤੇ।
ਜੇਲ ਦੇ ਨਿਯਮਾਂ ਅਨੁਸਾਰ ਮਿਲਦਾ ਹੈ ਖਾਣਾ
ਜ਼ਿਕਰਯੋਗ ਹੈ ਕਿ ਹਰਿ ਨਿਵਾਸ ਮਹਿਲ ਅੱਤਵਾਦੀਆਂ ਤੋਂ ਪੁੱਛ-ਗਿੱਛ ਲਈ ਇਸਤੇਮਾਲ ਕੀਤੀ ਜਾਣ ਵਾਲੀ ਜਗ੍ਹਾ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੂੰ ਜੇਲ ਦੇ ਨਿਯਮਾਂ ਅਤੇ ਉਨ੍ਹਾਂ ਦੇ ਅਹੁਦਿਆਂ ਦੇ ਹਿਸਾਬ ਨਾਲ ਖਾਣਾ ਦਿੱਤਾ ਜਾ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮਹਿਬੂਬਾ ਨੇ ਬਰਾਊਨ ਬਰੈੱਡ ਖਾਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਉਨ੍ਹਾਂ ਨੂੰ ਉਹ ਦਿੱਤੀ ਨਹੀਂ ਜਾ ਸਕੀ, ਕਿਉਂਕਿ ਜੇਲ ‘ਚ ਮੈਨਿਊ ‘ਚ ਹਿਰਾਸਤ ‘ਚ ਲਏ ਗਏ ਵੀ.ਵੀ.ਆਈ.ਪੀ. ਲੋਕਾਂ ਲਈ ਅਜਿਹਾ ਕੁਝ ਨਹੀਂ ਹੈ।