ਸ਼੍ਰੀਨਗਰ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਵਾਰ ਜੰਮੂ-ਕਸ਼ਮੀਰ ਵਿਚ 73ਵਾਂ ਆਜ਼ਾਦੀ ਦਿਹਾੜਾ ਮਨਾ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 14 ਅਗਸਤ ਦੀ ਸ਼ਾਮ ਨੂੰ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋਣ ਦੀ ਯੋਜਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਾਹ 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਸ਼੍ਰੀਨਗਰ ਦੇ ਲਾਲ ਚੌਕ ‘ਤੇ ਤਿਰੰਗਾ ਲਹਿਰਾਉਣਗੇ। ਇੱਥੇ ਦੱਸ ਦੇਈਏ ਕਿ ਹਾਲ ਹੀ ‘ਚ ਕੇਂਦਰ ਸਰਕਾਰ ਨੇ ਧਾਰਾ-370 ਹਟਾਉਣ ਦੇ ਨਾਲ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਕੇ ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤਾ ਸੀ। ਧਾਰਾ-370 ਹਟਾਉਣਾ ਮੋਦੀ ਸਰਕਾਰ ਦਾ ਇਤਿਹਾਸਕ ਕਦਮ ਹੈ।
ਹੁਣ ਜੇਕਰ ਅਮਿਤ ਸ਼ਾਹ ਆਜ਼ਾਦੀ ਦਿਹਾੜੇ ਮੌਕੇ ‘ਤੇ ਲਾਲ ਚੌਕ ‘ਤੇ ਤਿਰੰਗਾ ਲਹਿਰਾਉਂਦੇ ਹਨ ਤਾਂ ਇਹ ਨਰਿੰਦਰ ਮੋਦੀ ਸਰਕਾਰ ਦਾ ਦੂਜਾ ਇਤਿਹਾਸਕ ਕਦਮ ਹੋਵੇਗਾ। ਸ਼੍ਰੀਨਗਰ ਤੋਂ ਬਾਅਦ ਅਮਿਤ ਸ਼ਾਹ 16 ਅਤੇ 17 ਅਗਸਤ ਨੂੰ ਲੱਦਾਖ ਦੇ ਦੌਰ ‘ਤੇ ਰਹਿਣਗੇ। ਇੱਥੇ ਦੱਸ ਦੇਈਏ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਇਸ ਸਮੇਂ ਕਸ਼ਮੀਰ ਘਾਟੀ ਦੇ ਦੌਰੇ ‘ਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕੇਂਦਰ 15 ਅਗਸਤ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਅੰਦਰੂਨੀ ਚਰਚਾ ਕਰ ਰਿਹਾ ਹੈ।