ਗੜ੍ਹਸ਼ੰਕਰ — ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦਿੱਲੀ ਵਿਖੇ ਪ੍ਰਾਚੀਨ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣੇ ਦੇ ਰੋਸ ‘ਚ ਅੱਜ ਹਲਕਾ ਗੜ੍ਹਸ਼ੰਕਰ ‘ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਨੰਗਲ ਚੌਕ ‘ਚ ਆਪਣੇ ਸਾਥੀਆਂ ਸਮੇਤ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦੇ ਕਿਹਾ ਕਿ ਇਸ ਰੋਸ ਧਰਨੇ ‘ਚ ਰਵਿਦਾਸ ਸਮਾਜ ਨਾਲ ਸਮੂਚੀ ਕਾਂਗਰਸ ਹੀ ਨਹੀਂ ਸਗੋਂ ਸਾਰੀ ਪੰਜਾਬ ਸਰਕਾਰ ਰਵਿਦਾਸ ਸਮਾਜ ਦੇ ਨਾਲ ਹੈ। ਇਸੇ ਵਜ੍ਹਾ ਨਾਲ ਸਮੂਚੀ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਇਸ ਬੰਦ ਦੇ ਸੱਦੇ ਦਾ ਸਮਰਥਨ ਕਰ ਰਹੀ ਹੈ। ਅਕਾਲੀਆਂ ਵੱਲੋਂ ਇਸ ਰੋਸ ਦੇ ਸਮਰਥਨ ਦੇ ਐਲਾਨ ਨੂੰ ਆੜੇ ਹੱਥੀਂ ਲੈਂਦੇ ਕਾਂਗਰਸੀ ਆਗੂ ਨਿਮਿਸ਼ਾ ਨੇ ਕਿਹਾ ਕਿ ਅੱਜ ਅਕਾਲੀ-ਭਾਜਪਾ ਲੀਡਰਸ਼ਿਪ ਇਸ ਮਸਲੇ ‘ਤੇ ਸਿਰਫ ਮਗਰਮੱਛੀ ਅਥਰੂ ਵਹਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਅਕਾਲੀਆਂ ਦੀ ਭਾਈਵਾਲ ਭਾਜਪਾ ਸਰਕਾਰ ਨੇ ਢਾਹਿਆ ਹੈ ਅਤੇ ਇਹ ਕਿਸ ਮੂੰਹ ਨਾਲ ਇਸ ਗੱਲ ਦੀ ਸਫਾਈ ਪੇਸ਼ ਕਰਨ ਦੀ ਵੀ ਹਿੰਮਤ ਕਰ ਰਹੇ ਹਨ। ਨਿਮਿਸ਼ਾ ਨੇ ਕਿਹਾ ਕਿ ਅਕਾਲੀ ਰਾਜ ਦੌਰਾਨ ਗੜ੍ਹਸ਼ੰਕਰ ਦੇ ਅਕਾਲੀ ਵਿਧਾਇਕ ਸੁਰਿੰਦਰ ਸਿੰਘ ਠੇਕੇਦਾਰ ਨੇ ਪਵਿੱਤਰ ਧਾਮ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦਾ ਨਾਮ ਜਪ ਰਹੀ ਸੰਗਤ ‘ਤੇ ਪੁਲਸ ਅਧਿਕਾਰੀਆਂ ਤੋਂ ਅੰਨ੍ਹੇਵਾਹ ਲਾਠੀਚਾਰਜ ਅਤੇ ਗੰਦੀਆਂ ਗਾਲਾਂ ਦੀ ਬੌਛਾਰ ਗੁਰੂ ਘਰ ਦੇ ਅੰਦਰ ਕਰਵਾਈ ਸੀ। ਅਕਾਲੀ ਦਲ ਦੀ ਇਹ ਕਰੁਤੀ ਪੰਜਾਬ ‘ਚ ਕਿਸੇ ਨੂੰ ਵੀ ਭੁੱਲੀ ਨਹੀਂ ਹੈ। ਕੇਂਦਰ ਦੀ ਭਾਜਪਾ ਸਰਕਾਰ ਦੇ ਮੰਤਰੀ ਮੰਡਲ ‘ਚ ਸੱਜ ਕੇ ਬੈਠੇ ਹੁਸ਼ਿਆਰਪੁਰ ਤੋਂ ਸੰਸਦ ਸੋਮ ਪ੍ਰਕਾਸ਼ ‘ਤੇ ਵਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਰਵਿਦਾਸੀਆ ਸਮਾਜ ਨਾਲ ਕਿਸੇ ਕਿਸਮ ਦੀ ਵੀ ਵਫਾਜਦਾਰੀ ਹੈ ਅਤੇ ਉਹ ਮੰਦਿਰ ਢਾਹੁਣ ਦਾ ਦੁਖਾਂਤ ਮੰਨਦੇ ਹਨ ਤਾਂ ਉਹ ਤੁਰੰਤ ਮੋਦੀ ਮੰਤਰੀ ਮੰਡਲ ‘ਚੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਇਹ ਰੋਸ ਮੁਜ਼ਾਹਰਾ ਤਾਂ ਇਕ ਚਿਤਾਵਨੀ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਆਪਣੀ ਗਲਤੀ ਨਾ ਸੁਧਾਰੀ ਤਾਂ ਇਸ ਦੇ ਨਤੀਜੇ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਭੁਗਤਾਏ ਜਾਣਗੇ ਅਤੇ ਯਕੀਨਨ ਰਵਿਦਾਸੀਆ ਸਮਾਜ ਨੂੰ ਇਹ ਮੰਦਿਰ ਉਥੇ ਹੀ ਬਣਵਾ ਕੇ ਦਿੱਤਾ ਜਾਵੇਗਾ।
ਇਸ ਮੌਕੇ ਨਿਮਿਸ਼ਾ ਅਤੇ ਉਸ ਦੇ ਸਾਥੀਆਂ ਨੇ ਨੰਗਲ ਚੌਕ ਗੜ੍ਹਸ਼ੰਕਰ ਵਿਖੇ ਭਾਜਪਾ ਸਰਕਾਰ ਦਾ ਪੁਤਲਾ ਵੀ ਸਾੜਿਆ। ਇਸ ਮੌਕੇ ਉਨ੍ਹਾਂ ਦੇ ਨਾਲ ਗੜ੍ਹਸ਼ੰਕਰ ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਮਾਸਟਰ ਸਰਵਨ ਰਾਮ, ਪ੍ਰਿੰਸੀਪਲ ਰਾਜਿੰਦਰ ਸਿੰਘ, ਸਰਪੰਚ ਸਤਵਿੰਦਰਜੀਤ ਪੈਂਤਰਾ, ਸਰਪੰਚ ਰੇਸ਼ਮ ਲਾਲ ਚੱਕ ਗਰੂ, ਸਰਪੰਚ ਵਿਜੇ ਕੁਮਾਰ ਬੱਡੋਆਣ, ਸਰਪੰਚ ਮੋਹਨ ਲਾਲ, ਲੰਬੜਦਾਰ ਵਿਜੇ ਕੁਮਾਰ ਸਰਦੁੱਲਾਪੁਰ, ਕੁਲਦੀਪ ਪਾਠੀ, ਸਰਪੰਚ ਰਣਜੀਤ ਡਘਾਮ, ਸਰਪੰਚ ਕੁਲਵਿੰਦਰ ਕੌਰ ਬੀਰਮਪੁਰ, ਬਲਵਿੰਦਰ ਮੇਘੋਵਾਲ, ਡੀ. ਐੱਸ. ਪੀ. ਦੇਵ ਬੰਗਾ, ਮਹਿੰਦਰ ਪੱਖੋਵਾਲ, ਸਰਪੰਚ ਹਰਮੇਸ਼ ਰਾਮਪੁਰ, ਚਰਨਦਾਸ ਹਾਜੀਪੁਰ ਤੋਂ ਇਲਾਵਾ ਦਰਜਨਾਂ ਸਰਪੰਚ-ਪੰਚਾਂ ਸਮੇਤ ਇਲਾਕੇ ਦੇ ਕਈ ਆਗੂ ਮੌਜੂਦ ਸਨ।