ਨਵੀਂ ਦਿੱਲੀ— ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਤੋਂ ਠੀਕ ਪਹਿਲਾਂ ਦਿੱਲੀ ਪੁਲਸ ਨੂੰ ਕੁਝ ਮੋਸਟ ਵਾਂਟੇਡ ਅੱਤਵਾਦੀਆਂ ਦੀ ਸਰਗਰਮੀ ਨਾਲ ਤਲਾਸ਼ ਹੈ। ਦਿੱਲੀ ‘ਚ ਜਗ੍ਹਾ-ਜਗ੍ਹਾ ਮੋਸਟ ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ, ਨਾਂ, ਪਛਾਣ ਅਤੇ ਪਤੇ ਨਾਲ ਪੋਸਟਰ ਚਿਪਕੇ ਹੋਏ ਹਨ। ਇਨ੍ਹਾਂ ‘ਚ ਇੰਡੀਅਨ ਮੁਜਾਹੀਦੀਨ ਦੇ ਫਾਊਂਡਰ ਭਟਕਲ ਬੰਧੂਆਂ ਦਾ ਫੋਟੋ ਵੀ ਹੈ। ਨਾਲ ਹੀ ਸ਼ਾਬੰਦਰੀ ਮੁਹੰਮਦ ਇਕਬਾਲ, ਆਮਿਰ ਰਜਾ ਖਾਨ, ਰਿਆਜ਼ ਭਟਕਲ ਮੁੱਖ ਤੌਰ ‘ਤੇ ਹਨ। ਉੱਥੇ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਹਰ ਖਾਸ ਮੌਕੇ ਹੁੰਦੀ ਹੈ ਇਨ੍ਹਾਂ ਅੱਤਵਾਦੀਆਂ ਦੀ ਤਲਾਸ਼
ਹੁਣ ਭਾਵੇਂ 15 ਅਗਸਤ ਹੋਵੇ ਜਾਂ 26 ਜਨਵਰੀ, ਹੋਲੀ, ਦੀਵਾਲੀ, ਨਵਾਂ ਸਾਲ ਵਰਗੇ ਖਾਸ ਮੌਕਿਆਂ ‘ਤੇ ਹੀ ਹਰ ਵਾਰ ਦਿੱਲੀ ਪੁਲਸ ਇਨ੍ਹਾਂ ਅੱਤਵਾਦੀਆਂ ਨੂੰ ਦਿੱਲੀ ‘ਚ ਤਲਾਸ਼ ਕਰਦੀ ਹੈ। ਹਾਲਾਂਕਿ ਇੰਟੈਲੀਜੈਂਸ ਏਜੰਸੀਆਂ ਦੇ ਨਾਲ ਹੀ ਖੁਦ ਦਿੱਲੀ ਪੁਲਸ ਨੂੰ ਵੀ ਬਖੂਬੀ ਪਤਾ ਹੈ ਕਿ ਇੰਡੀਅਨ ਮੁਜਾਹੀਦੀਨ ਦੇ ਭਟਕਲ ਬੰਧੂ ਪਾਕਿਸਤਾਨ ਦੀ ਸਰਪਰਸਤੀ ‘ਚ ਹਨ। ਫਿਰ ਵੀ ਪੁਲਸ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਪਾਕਿਸਤਾਨ ਦਾ ਸੁਰੱਖਿਅਤ ਟਿਕਾਣਾ ਛੱਡ ਕੇ ਅਜਿਹੇ ਖਾਸ ਮੌਕਿਆਂ ‘ਤੇ ਦਿੱਲੀ ਚੱਲੇ ਆਏ ਹੋਣ।
ਥਾਂ-ਥਾਂ ਚਿਪਕਾਏ ਪੋਸਟਰ
ਲਿਹਾਜਾ ਪੁਲਸ ਨੇ ਪਬਲਿਕ ਮੂਵਮੈਂਟ ਵਾਲੀਆਂ ਸਾਰੀਆਂ ਮਹੱਤਵਪੂਰਨ ਥਾਂਵਾਂ ‘ਤੇ ਜਗ੍ਹਾ-ਜਗ੍ਹਾ ਪੋਸਟਰ ਚਿਪਕਾ ਦਿੱਤੇ ਹਨ। ਫਿਰ ਤੋਂ ਦਿੱਲੀ ‘ਚ ਇਨ੍ਹਾਂ ਅੱਤਵਾਦੀਆਂ ਦੀ ਨਵੇਂ ਸਿਰੇ ਤੋਂ ਖੋਜ ਹੈ। ਪੁਲਸ ਦੀ ਪਬਲਿਕ ਤੋਂ ਅਪੀਲ ਹੈ ਕਿ ਇਨ੍ਹਾਂ ਚਿਹਰਿਆਂ ਨੂੰ ਧਿਆਨ ਨਾਲ ਦੇਖ ਲੈਣ। ਉਤਸ਼ਾਹ ਲਈ ਇਨ੍ਹਾਂ ਪੋਸਟਰਾਂ ‘ਤੇ ਪਬਲਿਕ ਨੂੰ ਇਨਾਮ ਦੇਣ ਦੇ ਐਲਾਨ ਦੇ ਨਾਲ-ਨਾਲ ਨਾਂ ਅਤੇ ਪਛਾਣ ਗੁਪਤ ਰੱਖਣ ਦਾ ਵੀ ਪੂਰਾ ਭਰੋਸਾ ਦਿੱਤਾ ਹੈ। ਅਜਿਹਾ ਸ਼ੱਕ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੀ ਸ਼ਹਿ ‘ਤੇ ਖਾਲਿਸਤਾਨੀ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਸਕਦੇ ਹਨ।
AFRS ਨਾਲ ਲੈੱਸ ਕੈਮਰਿਆਂ ਦੀ ਕੀਤੀ ਜਾ ਰਹੀ ਨਿਗਰਾਨੀ
15 ਅਗਸਤ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲੀ ਵਾਰ ਲਾਲ ਕਿਲਾ ਕੈਂਪ ‘ਚ ਏ.ਐੱਫ.ਆਰ.ਐੱਸ. ਯਾਨੀ (ਆਟੋਮੇਟੇਡ ਫੇਸ਼ੀਅਲ ਰੇਕਗਨਿਸ਼ਨ ਸਿਸਟਮ) ਨਾਲ ਲੈਸ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਕੈਮਰਿਆਂ ਦੀ ਖਾਸੀਅਤ ਹੈ ਕਿ ਇਸ ‘ਚ ਕਈ ਅਜਿਹੇ ਲੋਕਾਂ ਦੇ ਡਾਟਾ ਅਤੇ ਫੋਟੋਗ੍ਰਾਫ ਅਪਲੋਡ ਹਨ, ਜਿਨ੍ਹਾਂ ਤੋਂ ਸੁਰੱਖਿਆ ਦਾ ਖਤਰਾ ਹੈ। ਡਾਟਾ ‘ਚ ਮੌਜੂਦ ਕਿਸੇ ਵੀ ਸ਼ੱਕੀ ਨੂੰ ਦੇਖਦੇ ਹੀ ਕੰਟਰੋਲ ਰੂਮ ਨੂੰ ਅਲਰਟ ਕਰ ਦੇਣਗੇ। ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਉਨ੍ਹਾਂ ਚਿਹਰਿਆਂ ਨੂੰ ਕੰਟਰੋਲ ਰੂਮ ‘ਚ ਦੇਖਦੇ ਹੀ ਨਜ਼ਦੀਕੀ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ ਕਰਨਗੇ। ਲਾਲ ਕਿਲੇ ‘ਤੇ ਆਯੋਜਨ ਦੌਰਾਨ ਦਿੱਲੀ ‘ਚ 9 ਫਲਾਈ ਜੋਨ ਰਹੇਗਾ। ਪਤੰਗ ਉਡਾਉਣ ‘ਤੇ ਰੋਕ ਹੈ।