ਪੋਰਟ ਆਫ਼ ਸਪੇਨ – ਇੱਥੋਂ ਦੇ ਕੁਈਨਜ਼ ਪਾਰਕ ਓਵਲ ਸਟੇਡੀਅਮ ‘ਚ ਖੇਡੇ ਗਏ ਦੂੱਜੇ ਵਨ-ਡੇ ‘ਚ ਭਾਰਤ ਨੇ ਵੈੱਸਟ ਇੰਡੀਜ਼ ਨੂੰ ਡਕਵਰਥ ਲੁਈਸ ਨਿਯਮ ਦੀ ਮਦਦ ਨਾਲ 59 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇਸ ਮੈਚ ‘ਚ ਰਿਕਾਰਡਾਂ ਦੀ ਝੜੀ ਲੱਗ ਗਈ। ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਵਨ-ਡੇ ਕ੍ਰਿਕਟ ਦੀ ਆਪਣੀ 229 ਵੀਂ ਪਾਰੀ ‘ਚ 42ਵਾਂ ਸੈਂਕੜਾਂ ਲਗਾਇਆ। ਅਜਿਹੇ ‘ਚ ਸਚਿਨ ਨੂੰ ਵੀ ਆਪਣੇ 100 ਸੈਂਕੜਿਆਂ ਦਾ ਰਿਕਾਰਡ ਟੁੱਟਣ ਦਾ ਇੰਤਜ਼ਾਰ ਹੈ। ਸਚਿਨ ਤੇਂਦੁਲਕਰ ਨੇ ਵਿਰਾਟ ਦੇ 42ਵੇਂ ਵਨ-ਡੇ ਸੈਂਕੜੇ ਤੋਂ ਬਾਅਦ ਕਿਹਾ ਵਿਰਾਟ ਨੇ ਸੈਂਕੜਿਆਂ ਦਾ ਮੇਰਾ ਰਿਕਾਰਡ ਤੋੜਿਆ ਤਾਂ ਮੈਂ ਖ਼ੁਦ ਉਸ ਦੇ ਕੋਲ ਜਾ ਕੇ ਸ਼ੈਂਪੇਨ ਸ਼ੇਅਰ ਕਰਾਂਗਾ।
ਤੁਹਾਨੂੰ ਦੱਸ ਦੇਈਏ ਕਿ ਕੋਹਲੀ ਦੁਨੀਆਂ ਦਾ ਪਹਿਲਾ ਅਜਿਹਾ ਬੱਲੇਬਾਜ਼ ਬਣ ਗਿਆ ਹੈ ਜਿਸ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਵਨ ਡੇ ਕ੍ਰਿਕੇਟ ‘ਚ ਦੋ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਦੁਨੀਆਂ ਦੇ ਇੱਕੋ ਇੱਕ ਖਿਡਾਰੀ ਬਣ ਗਿਆ ਹੈ। ਵਿਰਾਟ ਨੇ ਵਿੰਡੀਜ਼ ਖ਼ਿਲਾਫ਼ ਸਿਰਫ਼ 34 ਪਾਰੀਆਂ ‘ਚ ਇਹ ਕਮਾਲ ਕੀਤਾ। ਰੋਹਿਤ ਸ਼ਰਮਾ ਨੇ ਆਸਟਰੇਲੀਆ ਖ਼ਿਲਾਫ਼ ਭਾਰਤ ਵਲੋਂ 37 ਪਾਰੀਆਂ ‘ਚ ਦੋ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।