ਨਵੀਂ ਦਿੱਲੀ – ਪੂਰੇ ਭਾਰਤ ‘ਚ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਚਾਰੇ ਪਾਸੇ ਦੇਸ਼ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਦੇਸ਼ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਤਿਆਗ ਤੇ ਬਲੀਦਾਨ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਪ੍ਰਣਾਮ ਕੀਤਾ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਧਾਰਾ 370, 35a ਹਟਾਉਣ ਦਾ ਮੁੱਖ ਮਕਸਦ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਤਵਾਦ ਤੋਂ ਬਚਾਉਣ ਲਈ ਅਤੇ ਦੇਸ਼ ‘ਚੋਂ ਅੱਤਵਾਦ ਦਾ ਖਤਮਾ ਕਰਨ ਲਈ ਸਖਤ ਕਾਨੂੰਨ ਬਣਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਦੇਣ ਲਈ ਪੈਨਸਨ ਸਕੀਮ ਦੀ ਵਿਵਸਥਾ ਕੀਤੇ ਜਾਣ ਦੀ ਗੱਲ ਕਹੀ।
ਇਸ ਮੌਕੇ ਤਿੰਨ ਤਲਾਕ ਦੇ ਮੁੰਦੇ ‘ਤੇ ਬੋਲਦਿਆਂ ਮੋਦੀ ਨੇ ਕਿਹਾ ਕਿ ਤਿੰਨ ਤਲਾਕ ਦੇ ਕਾਨੂੰਨ ਨਾਲ ਮੁਸਲਿਮ ਔਰਤਾਂ ਨੂੰ ਆਜ਼ਾਦੀ ਮਿਲੀ ਹੈ। ਤਿੰਨ ਤਲਾਕ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਦੇ ਮੁੱਦੇ ਨੂੰ ਸਿਆਸੀ ਤੱਕੜੀ ‘ਚ ਨਹੀਂ ਤੋਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ‘ਸਭ ਦਾ ਸਾਥ’ ਅਤੇ ‘ਸਭ ਦਾ ਵਿਕਾਸ’ ਦਾ ਮੰਤਰ ਲੈ ਕੇ ਅਸੀਂ ਚਲੇ ਸੀ ਪਰ 5 ਸਾਲ ‘ਚ ਹੀ ਦੇਸ਼ ਵਾਸੀਆਂ ਨੇ ‘ਸਭ ਦੇ ਵਿਸ਼ਵਾਸ’ ਦੇ ਰੰਗ ਨਾਲ ਪੂਰੇ ਮਾਹੌਲ ਨੂੰ ਰੰਗ ਦਿੱਤਾ ਹੈ। ਅਸੀਂ ਨਾ ਸਮੱਸਿਆ ਨੂੰ ਟਾਲਦੇ ਹਾਂ ਅਤੇ ਨਾ ਪਾਲਦੇ ਹਾਂ। ਲੋਕਾਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਐਲਾਨ ਕੀਤਾ ਕਿ ਭਾਰਤ ਦੇ ਬਲਾਂ ਵਿਚਕਾਰ ਤਾਲਮੇਲ ਨੂੰ ਵਧਾਉਣ ਤੇ ਮਜ਼ਬੂਤ ਕਰਨ ਲਈ ਭਾਰਤ ਕੋਲ ਹੁਣ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਹੋਵੇਗਾ, ਜਿਸ ਨਾਲ ਭਾਰਤ ਦੇ ਬਲ ਹੋਰ ਮਜ਼ਬੂਤ ਹੋ ਜਾਣਗੇ।