ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਤਿੰਨਾਂ ਸੈਨਾਵਾਂ ਦੇ ਸੈਨਾਪਤੀ ਚੀਫ ਆਫ ਡਿਫੈਂਸ ਸਟਾਫ ਯਾਨੀ ਸੀ.ਡੀ.ਐੱਸ. ਦਾ ਅਹੁਦਾ ਬਣਾਉਣ ਦਾ ਵੱਡਾ ਐਲਾਨ ਕੀਤਾ ਹੈ। ਮੋਦੀ ਨੇ 73ਵੇਂ ਆਜ਼ਾਦੀ ਦਿਵਸ ਮੌਕੇ ਲਾਲੇ ਕਿਲੇ ਦੀ ਪ੍ਰਾਚੀਰ ਤੋਂ ਆਪਣੇ ਭਾਸ਼ਣ ‘ਚ ਇਹ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੀ.ਡੀ.ਐੱਸ. ਫੌਜ ਦੇ ਤਿੰਨ ਅੰਗਾਂ ਦਰਮਿਆਨ ਤਾਲਮੇਲ ਯਕੀਨੀ ਕਰੇਗਾ ਅਤੇ ਉਨ੍ਹਾਂ ਨੂੰ ਪ੍ਰਭਾਵੀ ਅਗਵਾਈ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਬਣਾਇਆ ਜਾਵੇਗਾ।
1999 ‘ਚ ਹੋਏ ਕਾਰਗਿਲ ਯੁੱਧ ਤੋਂ ਬਾਅਦ ਦੇਸ਼ ਦੀ ਸੁਰੱਖਿਆ ਵਿਵਸਥਾ ‘ਚ ਕਮੀਆਂ ਦਾ ਪਤਾ ਲਗਾਉਣ ਲਈ ਗਠਿਤ ਉੱਚ ਪੱਧਰੀ ਕਮੇਟੀ ਨੇ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦੀ ਪੈਰਵੀ ਕੀਤੀ ਸੀ। ਰਾਸ਼ਟਰੀ ਸੁਰੱਖਿਆ ਵਿਵਸਥਾ ‘ਚ ਜ਼ਰੂਰੀ ਸੁਧਾਰਾਂ ਦਾ ਵਿਸ਼ਲੇਸ਼ਣ ਕਰ ਰਹੇ ਇਕ ਮੰਤਰੀ ਸਮੂਹ ਨੇ ਵੀ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦੀ ਪੈਰਵੀ ਕੀਤੀ ਸੀ। ਸਾਲ 2012 ‘ਚ ‘ਨਰੇਂਦਰ ਚੰਦਰ ਟਾਸਕ ਫੋਰਸ’ ਨੇ ਇਸ ਲਈ ਇਕ ਪਰਮਾਨੈਂਟ ਅਹੁਦਾ ਚੀਫ ਆਫ ਡਿਫੈਂਸ ਸਟਾਫ ਬਣਾਉਣ ਦੀ ਮੰਗ ਕੀਤੀ ਸੀ। ਚੀਫ ਆਫ ਸਟਾਫ ਕਮੇਟੀ ‘ਚ ਸੈਨਾ, ਜਲ ਸੈਨਾ, ਹਵਾਈ ਸੈਨਾ ਦੇ ਪ੍ਰਮੁੱਖ ਹੁੰਦੇ ਹਨ ਅਤੇ ਇਨ੍ਹਾਂ ‘ਚ ਸਭ ਤੋਂ ਸੀਨੀਅਰ ਵਿਅਕਤੀ ਇਸ ਦਾ ਪ੍ਰਮੁੱਖ ਹੁੰਦਾ ਹੈ।